ਕਾਂਗਰਸ-ਭਾਜਪਾ ਦਿੱਲੀ ਵਿੱਚ ਆਮ ਆਦਮੀ ਪਾਰਟੀ ਖਿਲਾਫ਼ ਮਿਲ ਕੇ ਚੋਣ ਲੜ ਰਹੇ ਹਨ: ਚੇਅਰਮੈਨ ਢਿੱਲੋਂ

ਫਰਵਰੀ 3 (ਜਗਜੀਤ ਸਿੰਘ) ਦਿੱਲੀ ਚੋਣਾਂ ਵਿੱਚ ਬੁਖਲਾਹਟ ਵਿੱਚ ਆ ਕੇ ਵਿਰੋਧੀ ਤਾਕਤਾਂ ਦੇ ਹੋਸ਼ ਉੱਥਲ ਪੁੱਥਲ ਹੋ ਰਹੇ ਹਨ ਜਿਸਦੀ ਤਾਜ਼ਾ ਮਿਸਾਲ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਾਂਗਰਸ ਅਤੇ ਭਾਜਪਾ ਨੇ ਮਿਲ ਕੇ ਭਾਜਪਾ ਦਾ ਮੇਅਰ ਬਣਾਇਆ ਅਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਕਾਂਗਰਸ ਦੇ ਬਣੇ। ਇਸੇ ਤਰ੍ਹਾਂ ਦਿੱਲੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਖਿਲਾਫ਼ ਇਹ ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜ ਅਤੇ ਲੜਾ ਰਹੀਆਂ ਹਨ ਤਾਂ ਜੋ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਕੁਰਸੀ ਹਥਿਆਉਣ ਵਿੱਚ ਕਾਮਯਾਬ ਹੋ ਸਕਣ, ਪਰ ਦਿੱਲੀ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਕੇਜਰੀਵਾਲ ਦੀ ਸਰਕਾਰ ਨੂੰ ਵੋਟਰ ਭਾਰੀ ਬਹੁਮਤ ਨਾਲ ਬੇਮਿਸਾਲ ਫ਼ਤਵਾ ਦੇ ਕੇ ਜਿਤਾਉਣ ਦਾ ਮਨ ਬਣਾਈ ਬੈਠੇ ਹਨ। ਸਿਹਤ, ਸਿਖਿਆ, ਬਿਜਲੀ, ਪਾਣੀ ਅਜਿਹੀਆਂ ਉਦਾਹਰਣਾਂ ਹਨ ਜੋ ਨਾ ਕਦੇ ਕਾਂਗਰਸ ਅਤੇ ਨਾ ਕਦੇ ਭਾਜਪਾ ਸਰਕਾਰਾਂ ਵੱਲੋਂ ਲੰਮਾ ਸਮਾਂ ਰਾਜ ਕਰਨ ਦੇ ਬਾਵਜੂਦ ਹੱਲ ਕੀਤੇ ਗਏ। ਇਹ ਵਿਚਾਰ ਪ੍ਰਗਟ ਕਰਦਿਆਂ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਚੌਥੀ ਵਾਰ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੌਕੇ ਉਨ੍ਹਾਂ ਦੇ ਨਾਲ ਆਪ ਪ੍ਰਧਾਨ ਅਜੀਤ ਸਿੰਘ, ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਸੁਕਰਦੀਨ ਖਾਂ, ਪ੍ਰਹਿਲਾਦ ਸਿੰਘ ਦਾਦੂਮਾਜਰਾ, ਗੁਰਚਰਨ ਸਿੰਘ ਬਲੱਗਣ, ਗੁਰਕਰਮ ਸਿੰਘ ਦਾਦੂਮਾਜਰਾ ਅਤੇ ਸਰਕਲ ਪ੍ਰਧਾਨ ਸ਼ੀਸ਼ ਪਾਲ ਆਦਿ ਮੌਜੂਦ ਸਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੇਅਰ ਚੋਣ ਵਿੱਚ ਕਾਂਗਰਸ ਨੇ ਭਾਜਪਾ ਨਾਲ ਡਿਪਟੀ ਮੇਅਰ ਅਹੁਦਿਆਂ ਦਾ ਸੌਦਾ ਕਰਕੇ ਆਮ ਆਦਮੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਜਿਸਦਾ ਖਮਿਆਜ਼ਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੋਟਰ ਇਨ੍ਹਾਂ ਪਾਰਟੀਆਂ ਨੂੰ ਚਖਾਉਣਗੇ।

*ਫੋਟੋ ਕੈਪਸ਼ਨ: ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਹੋਰ ਗੱਲਬਾਤ ਕਰਦੇ ਹੋਏ।*

Leave a Comment