
ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਮੁੜ ਵਸੇਬਾ ਕੇਂਦਰ ਬ੍ਰਾਹਮਣ ਮਾਜਰਾ ਸਰਹਿੰਦ ਦਾ ਅਚਨਚੇਤ ਦੌਰਾ ਕੀਤਾ ਅਤੇ ਨਸ਼ੇ ਤੋਂ ਪੀੜਿਤ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਿਲਦੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਅੰਦਰ ਨਸ਼ਾ ਪੀੜਤਾ ਦੇ ਮੈਡੀਕਲ ਇਲਾਜ, ਪੂਰਨ ਇਲਾਜ ਤੱਕ ਦਾਖਲੇ ਦਾ ਪ੍ਰਬੰਧ, ਨਸ਼ਾ ਛੱਡਣ ਲਈ ਦ੍ਰਿੜ ਸ਼ਕਤੀ ਉਤਪੰਨ ਕਰਨ, ਚੰਗੀ ਜ਼ਿੰਦਗੀ ਜਿਉਣ ਲਈ ਸਹੀ ਰਸਤੇ ਬਾਰੇ ਪ੍ਰੇਰਿਤ ਕਰਨ, ਨਸ਼ਾ ਛੱਡਣ ਉਪਰੰਤ ਰੋਜ਼ਗਾਰ ਲਈ ਜਾਗਰੂਕ ਕਰਨ, ਸਮਾਜਿਕ/ ਧਾਰਮਿਕ ਕੰਮਾਂ ਵਿੱਚ ਰੁਚੀ ਲੈਣ ਲਈ ਪ੍ਰੇਰਿਤ ਕਰਨ ਆਦਿ ਸਹੂਲਤਾਂ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ, ਮੁੜ ਵਸੇਬਾ ਕੇਂਦਰ ਅਤੇ ਓਟ ਸੈਂਟਰਾਂ ਵਿੱਚ ਲੋੜੀਂਦੀਆਂ ਸਾਰੀਆਂ ਦਵਾਈਆਂ, ਟੈਸਟਿੰਗ ਕਿੱਟਾਂ, ਕੇਂਦਰਾਂ ਦੀ ਸਾਫ ਸਫਾਈ ਪ੍ਰਬੰਧਨ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਹਿੱਸਾ ਬਣ ਕੇ ਇਸ ਨੂੰ ਲੋਕ ਲਹਿਰ ਬਣਾਇਆ ਜਾਵੇ ਅਤੇ ਆਪਣੇ ਪਿੰਡ, ਸ਼ਹਿਰ, ਗਲੀ, ਮਹੱਲੇ, ਰਿਸ਼ਤੇਦਾਰਾਂ ਅਤੇ ਹੋਰ ਸੰਪਰਕ ਵਿੱਚ ਆਉਣ ਵਾਲੇ ਨਸ਼ਾ ਪੀੜਿਤ ਵਿਅਕਤੀਆਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਪਣਾ ਇਲਾਜ ਕਰਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਸਮਾਜ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ ਅਤੇ ਮਾਨਸਿਕ ਰੋਗਾਂ ਦੇ ਮਾਹਰ ਡਾ ਸਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਮੁੜ ਵਸੇਬਾ ਕੇਂਦਰ ਵਿੱਚ ਸਹੂਲਤਾਂ ਦਾ ਜਾਇਜਾ ਲੈਂਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ।