*ਲੋਕ ਅਦਾਲਤ ਵਿੱਚ 9457 ਕੇਸਾਂ ਦੀ ਸੁਣਵਾਈ, 7804 ਕੇਸਾਂ ਦਾ ਨਿਪਟਾਰਾ ਅਤੇ 11 ਕਰੋੜ ਤੋਂ ਵੱਧ ਦੇ ਅਵਾਰਡ ਪਾਸ*
*ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)*
ਰਾਸ਼ਟਰੀ ਕਾਨੂੰੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਰੁਨ ਗੁਪਤਾ ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਕੱਤਰ ਦੀਪਤੀ ਗੋਇਲ ਵੱਲ੍ਹੋਂ ਜ਼ਿਲ੍ਹਾ ਕਚਹਿਰੀਆਂ, ਅਮਲੋਹ ਅਤੇ ਖਮਾਣੋ ਦੀਆਂ ਸਬ ਡਵੀਜ਼ਨ ਪੱਧਰ ਦੀਆਂ ਕਚਹਿਰੀਆਂ ਵਿੱਚ ਸਾਲ ਦੀ ਪਹਿਲੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਿਸ ਵਿੱਚ ਨੈਸ਼ਨਲ ਲੋਕ ਅਦਾਲਤ ਦੇ 10 ਬੈਂਚਾਂ ਵੱਲ੍ਹੋਂ 9457 ਕੇਸਾਂ ਦੀ ਸੁਣਵਾਈ ਹੋਈ ਜਿਨ੍ਹਾਂ ਵਿੱਚੋਂ 7804 ਕੇਸਾਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਕੀਤਾ ਗਿਆ ਅਤੇ ਵਿੱਤੀ ਮਾਮਲਿਆਂ ਦੇ ਕੇਸਾਂ ਵਿੱਚ 11 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ। ਸ੍ਰੀ ਗੁਪਤਾ ਨੇ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਨਿਪਟਾਰਾ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੈ ਕਿਉਂਕਿ ਇਨ੍ਹਾਂ ਲੋਕ ਅਦਾਲਤਾਂ ਵਿੱਚ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਜਿਸ ਨਾਲ ਆਮ ਲੋਕਾਂ ਨੂੰ ਜਲਦੀ ਅਤੇ ਸਸਤਾ ਨਿਆਂ ਵੀ ਮਿਲਦਾ ਹੈ। ਇਸ ਮੌਕੇ ਇੱਕ ਵਿਵਾਹਿਤ ਜੋੜਾ ਜਿਨ੍ਹਾਂ ਦਾ ਕੇਸ ਪਿਛਲੇ 11 ਸਾਲਾਂ ਤੋਂ ਚੱਲ ਰਿਹਾ ਸੀ ਨੂੰ ਆਪਸੀ ਸਮਝੌਤੇ ਨਾਲ ਦੁਬਾਰਾ ਇਕੱਠਾ ਕਰਕੇ ਉਨ੍ਹਾਂ ਦੇ ਜੀਵਨ ਨੂੰ ਹਰਿਆ ਭਰਿਆ ਕਰਨ ਲਈ ਬੂਟਾ ਦਿਤਾ ਗਿਆ।
*ਫ਼ੋਟੋ ਕੈਪਸਨ: ਲੋਕ ਅਦਾਲਤਾਂ ‘ਚ ਕੇਸ਼ਾਂ ਦੀ ਸੁਣਵਾਈ ਦਾ ਦ੍ਰਿਸ਼।*