ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨਾ ਹਰੇਕ ਨਾਗਰਿਕ ਦਾ ਫਰਜ਼-ਡਾ: ਸੋਨਾ ਥਿੰਦ
ਡਿਪਟੀ ਕਮਿਸ਼ਨਰ ਨੇ ਲਕਸ਼ੈ ਸਪੈਸ਼ਲ ਸਕੂਲ ਦੇ ਵਿਦਿਆਰਥੀਆਂ ਨਾਲ ਮਨਾਇਆ ਵਿਸ਼ਵ ਡਾਊਨ ਸਿੰਡਰਮ ਦਿਵਸ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਸਮਾਜ ਵਿੱਚ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨਾ ਹਰੇਕ ਨਾਗਰਿਕ ਦਾ ਫਰਜ਼ ਹੈ ਕਿਉਂਕਿ ਇਹ ਬੱਚੇ ਦੂਸਰੇ ਬੱਚਿਆਂ ਵਾਂਗ ਹੀ ਵੱਖ-ਵੱਖ ਖੇਤਰਾਂ ਵਿੱਚ ਉਚੀਆਂ ਮੱਲ੍ਹਾਂ ਮਾਰ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਕਸ਼ੈ ਸਪੈਸ਼ਲ ਸਕੂਲ ਤਲਾਣੀਆਂ ਦੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਵਿਸ਼ਵ ਡਾਊਨ ਸਿੰਡਰਮ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਵਿਆਂਗ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਇਹ ਬੱਚੇ ਹੋਰਨਾ ਬੱਚਿਆਂ ਵਾਂਗ ਅੱਗੇ ਵੱਧ ਕੇ ਬਿਹਤਰ ਜੀਵਨ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਵਿਸ਼ਵ ਡਾਊਨ ਸਿੰਡਰਮ ਦਿਵਸ ਪੂਰੀ ਦੁਨੀਆਂ ਵਿੱਚ ਇਨ੍ਹਾਂ ਬੱਚਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਚੰਗੀ ਸੇਧ ਦੇ ਕੇ ਇਨ੍ਹਾਂ ਦਾ ਬੌਧਿਕ ਤੇ ਮਾਨਸਿਕ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਬੱਚਿਆਂ ਦੀ ਮਦਦ ਲਈ ਅੱਗੇ ਆ ਕੇ ਆਪਣੇ ਫਰਜ਼ਾਂ ਦੀ ਪੂਰਤੀ ਕਰੀਏ। ਉਨ੍ਹਾਂ ਲਕਸ਼ੈ ਸਪੈਸ਼ਲ ਸਕੂਲ ਤਲਾਣੀਆਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵਿਸ਼ਵ ਡਾਊਨ ਸਿੰਡਰਮ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਹਰੇਕ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਭਲਾਈ ਲਈ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਦੀ ਰਜਿਸਟਰੇਸ਼ਨ ਲਾਜ਼ਮੀ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੰਸਥਾ ਨੂੰ ਪੰਜਾਬ ਸਰਕਾਰ ਕੋਲ ਰਜਿਸਟਰਡ ਜਰੂਰ ਕਰਵਾਉਣ ਤਾਂ ਜੋ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸਰਕਾਰ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਦਿਵਾਈਆਂ ਜਾ ਸਕਣ। ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਹੱਥੀਂ ਤਿਆਰ ਕੀਤਾ ਗਿਆ ਗਮਲਾ ਵੀ ਭੇਂਟ ਕੀਤਾ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ ਤੇ ਲਕਸ਼ੈ ਸਪੈਸ਼ਲ ਸਕੂਲ ਤਲਾਣੀਆਂ ਦੀ ਪ੍ਰਬੰਧਕ ਪ੍ਰੀਤੀ ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਪੈਸਲ ਸਕੂਲ ਦੇ ਬੱਚੇ ਡਿਪਟੀ ਕਮਿਸਨਰ ਨੂੰ ਹੱਥੀ ਤਿਆਰ ਕੀਤਾ ਗਮਲਾ ਭੇਟ ਕਰਦੇ ਹੋਏ।