
ਸਿਵਲ ਸਰਜਨ ਨੇ ਡੇਂਗੂ ਵਿਰੋਧੀ ਮੁਹਿੰਮ ਦੀ ਕੀਤੀ ਸ਼ੁਰੂਆਤ
ਫਤਹਿਗੜ੍ਹ ਸਾਹਿਬ(ਅਜੇ ਕੁਮਾਰ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ ਹਿਤਿੰਦਰ ਕੌਰ ਵੱਲੋਂ ਕੀਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜਿਲ੍ਹੇ ਵਿਚ ‘ਡੇਂਗੂ ਵਿਰੋਧੀ ਮੁਹਿੰਮ’ ਤਹਿਤ ਹਰ ਸ਼ੁਕਰਵਾਰ, ਡੇਂਗੂ ਤੇ ਵਾਰ ਮੁਹਿੰਮ ਦੀ ਸ਼ੁਰੂਆਤ ਕੀਤੀ। ਮਦਰਾਸੀ ਕਲੋਨੀ, ਸਰਹਿੰਦ ਤੋਂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਤੋਂ ਬਚਾਉਣ, ਮੱਛਰ ਦੀ ਪੈਦਾਵਾਰ ਨੂੰ ਰੋਕਣ ਅਤੇ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜੋਂ ਉਚ ਅਧਿਕਾਰੀਆਂ ਦੇ ਅਗਲੇ ਹੁਕਮਾਂ ਤੱਕ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਮੁਹਿੰਮ ਤਹਿਤ ਆਮ ਲੋਕਾਂ ਨੂੰ ਮੱਛਰ ਦੀ ਪੈਦਾਵਾਰ ਨੂੰ ਰੋਕਣ ਅਤੇ ਉਸ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਸੁਕਰਵਾਰ ਨੂੰ ਬਤੌਰ ਡਰਾਈ ਡੇਅ ਮਨਾਇਆ ਜਾਵੇ । ਉਨ੍ਹਾਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਤੇ ਜਿਲਾ ਐਪੀਡਿਮਾਲੋਜਿਸਟ ਡਾ ਪ੍ਰਭਜੋਤ ਕੌਰ ਨੇ ਡੇਂਗੂ ਬੁਖਾਰ ਦੇ ਲੱਛਣ, ਬਚਾਅ ਅਤੇ ਇਲਾਜ਼ ਬਾਰੇ ਕਿਹਾ ਕਿ ਡੇਂਗੂ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਡੇਂਗੂ ਮੱਛਰ ਦਾ ਲਾਰਵਾ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੱਛਰਾਂ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀ, ਮੱਛਰ ਭਜਾਓ ਕਰੀਮਾਂ, ਜਾਲੀਦਾਰ ਦਰਵਾਜੇ ਅਤੇ ਪੂਰਾ ਸਰੀਰ ਢਕਣ ਵਾਲੇ ਕੱਪੜੇ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਆਪਣੇ ਘਰਾਂ ਦਫਤਰਾਂ ਦੇ ਕੂਲਰਾਂ ਦਾ ਪਾਣੀ ਹਰ ਹਫਤੇ ਬਦਲਿਆ ਜਾਵੇ। ਇਸ ਮੌਕੇ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਸਿਹਤ ਸੁਪਰਵਾਈਜਰ ਸੁਖਵਿੰਦਰ ਸਿੰਘ, ਸਿਹਤ ਕਰਮਚਾਰੀ ਜਗਰੂਪ ਸਿੰਘ, ਬਲਵਿੰਦਰ ਸਿੰਘ, ਇੰਸੈਕਟ ਕੁਲੈਕਟਰ ਮਨਦੀਪ ਕੌਰ, ਕੌਸਲ ਦੇ ਸੈਨੇਟਰੀ ਇੰਸਪੈਕਟਰ ਮਨੋਜ ਕੁਮਾਰ, ਬਰੀਡ ਚੈਕਰ ਹਰਦੀਪ ਸਿੰਘ ਅਤੇ ਹਰਸ਼ਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਡੇਂਗੂ ਤੇ ਵਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ।