
ਵਿਧਾਇਕ ਗੈਰੀ ਬੜਿੰਗ ਨੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੀ ਸਵੇਰੇ 7-30 ਵਜੇ ਕੀਤੀ ਅਚਨਚੇਤ ਚੈਕਿੰਗ
ਸੈਨੇਟਰੀ ਕਲਰਕ ਤੇ ਮੇਟ ਮੁਅੱਤਲ-ਸੈਨੇਟਰੀ ਇੰਸਪੈਕਟਰ ‘ਤੇ ਕਾਰਜ਼ ਸਾਧਕ ਅਫ਼ਸਰ ਨੂੰ ਕਾਰਨ ਦੱਸੋ ਨੋਟਿਸ ਜਾਰੀ
ਅਮਲੋਹ(ਅਜੇ ਕੁਮਾਰ)
ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸਵੇਰੇ 7:30 ਵਜੇ ਨਗਰ ਕੌਂਸਲ ਅਮਲੋਹ ਵਿਖੇ ਅਚਨਚੇਤ ਚੈਕਿੰਗ ਕੀਤੀ। ਦਫ਼ਤਰ ਤੋਂ ਤੁਰੰਤ ਬਾਅਦ ਉਨ੍ਹਾਂ ਸਫ਼ਾਈ ਸੇਵਕਾਂ ਦੀ ਹਾਜਰੀ ਸਬੰਧੀ ਫੀਲਡ ਵਿੱਚ ਗਏ ਅਤੇ ਸਫਾਈ ਸੇਵਕ ਡਿਊਟੀ ‘ਤੇ ਹਾਜ਼ਰ ਨਹੀਂ ਸਨ। ਉਨ੍ਹਾਂ ਦਸਿਆ ਕਿ ਜਦੋਂ ਸਫ਼ਾਈ ਸੇਵਕਾਂ ਦਾ ਹਾਜ਼ਰੀ ਰਜਿਸਟਰ ਦੇਖਿਆ ਤਾਂ ਕਰਮਚਾਰੀਆਂ ਦੀ 31 ਮਾਰਚ ਤੱਕ ਪਹਿਲਾਂ ਹੀ ਹਾਜ਼ਰੀ ਲੱਗੀ ਹੋਈ ਸੀ ਜਦੋਂ ਕਿ 31 ਮਾਰਚ ਨੂੰ ਹਾਲੇ ਚਾਰ ਦਿਨ ਬਾਕੀ ਹਨ। ਡਿਊਟੀ ਤੋਂ ਕੁਤਾਹੀ ਕਰਨ ਦੇ ਦੋਸ਼ ਵਿੱਚ ਨਗਰ ਕੌਂਸਲ ਦੇ ਸੈਨੇਟਰੀ ਕਲਰਕ ਲਛਮਣ ਮਹਿਤਾ ਅਤੇ ਸਫਾਈ ਮੇਟ ਪਰਮਜੀਤ ਨੂੰ ਮੁਅੱਤਲ ਕੀਤਾ ਗਿਆ ਜਦੋਂ ਕਿ ਸੈਨੇਟਰੀ ਇੰਸਪੈਕਟਰ ਹੁਸਨ ਲਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਕਾਰਜ ਸਾਧਕ ਅਫਸਰ ਅਮਲੋਹ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਕਿਹਾ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਦੂਜੇ ਪਾਸੇ ਨਗਰ ਕੌਂਸਲ ਦੇ ਅਧਿਕਾਰੀ ਗੈਰ ਜਿੰਮੇਵਾਰੀ ਨਾਲ ਡਿਊਟੀ ਨਿਭਾ ਕੇ ਸਰਕਾਰ ਦੀ ਦਿੱਖ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਮੇਂ ਦੀ ਪਾਬੰਦੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਮੁਸਕਲ ਨਾ ਆਵੇ। ਇਸ ਮੌਕੇ ਕੌਂਸਲਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਕੌਂਸਲਰਾਂ ਸਮੇਤ ਅਚਨਚੇਤ ਚੈਕਿੰਗ ਕਰਦੇ ਹੋਏ।