ਕੇਂਦਰ ਸਰਕਾਰ ਪ੍ਰਕਾਸ਼ ਪੁਰਬ ਮੌਕੇ ਜਥਾ ਪਾਕਿਸਤਾਨ ਭੇਜਣ ਦਾ ਬਿਨਾਂ ਦੇਰੀ ਐਲਾਨ ਕਰੇ :— ਰਾਜੂ ਖੰਨਾ।
ਪਾਕਿਸਤਾਨ ਗੁਰਧਾਮਾਂ ਤੇ ਜਾਣ ਦੀ ਰੋਕ ਨੇਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ।
ਮੰਡੀਗੌਬਿੰਦਗੜ(ਅਜੇ ਕੁਮਾਰ)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਗੁ: ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਤੇ ਪਾਕਿ ਸਥਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਤੇ ਕੇਂਦਰ ਸਰਕਾਰ ਵਲੋਂ ਰੋਕ ਲਗਾਏ ਜਾਣ ਨੂੰ ਮੰਦਭਾਗਾ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਨੂੰ ਜਥਾ ਭੇਜਣ ਦਾ ਬਿਨਾਂ ਦੇਰੀ ਐਲਾਨ ਕਰਨ ਦੀ ਅਪੀਲ ਕੀਤੀ ਹੈ। ਰਾਜੂ ਖੰਨਾ ਅੱਜ ਸਰਕਲ ਮੰਡੀਗੌਬਿੰਦਗੜ ਦੇ ਪਿੰਡ ਸਿਰਾਜਮਾਜਰਾ ਵਿਖੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਦੇਖਦੇ ਹੋਏ ਮੀਟਿੰਗ ਕਰਨ ਲਈ ਆਏ ਸਨ। ਰਾਜੂ ਖੰਨਾ ਨੇ ਕਿਹਾ ਕਿ ਆਪਣੇ ਗੁਰਧਾਮਾਂ ਦੀ ਯਾਤਰਾ ਕਰਨ ਦੀ ਭਾਵਨਾ ਰੱਖਣ ਵਾਲਿਆਂ ਨਾਲ ਸੁਰੱਖਿਆ ਦੇ ਨਾਂਅ ‘ਤੇ ਵਿਤਕਰਾ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਨੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾਏ ਸਨ, ਪ੍ਰੰਤੂ ਹੁਣ ਸਰਕਾਰ ਵਲੋਂ ਸੁਰੱਖਿਆ ਦਾ ਹਵਾਲਾ ਦਿੰਦਿਆਂ ਜਥਾ ਭੇਜਣ ਤੋਂ ਮਨਾਹੀ ਦਾ ਪੱਤਰ ਸੂਬਾ ਸਰਕਾਰਾਂ ਨੂੰ ਭੇਜਿਆ ਗਿਆ ਹੈ।ਰਾਜੂ ਖੰਨਾ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਿੱਖਾ ਦੇ ਮਾਮਲਿਆਂ ਅੰਦਰ ਸਿੱਧੀ ਦਖਲ ਅੰਦਾਜੀ ਕਰਨ ਤੋਂ ਗ਼ੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਪਾਬੰਦੀ ਨੂੰ ਗ਼ਲਤ ਕ਼ਰਾਰ ਦਿੰਦਿਆਂ ਕਿਹਾ ਕਿ ਕੇਂਦਰ ਦੀ ਇਸ ਸਿੱਧੀ ਦਖਲ ਅੰਦਾਜੀ ਨੂੰ ਕਿਸੇ ਕੀਮਤ ਤੇ ਸਿੱਖ ਭਾਈਚਾਰਾ ਬਰਦਾਸ਼ਤ ਨਹੀਂ ਕਰੇਗਾ। ਰਾਜੂ ਖੰਨਾ ਕਿਹਾ ਕਿ ਸਰਕਾਰ ਬਿਨਾਂ ਦੇਰੀ ਕੀਤੇ ਆਪਣਾ ਨੋਟਿਸ ਵਾਪਸ ਲਵੇ ਤੇ ਇਸ ਪਾਬੰੰਦੀ ਨੂੰ ਖ਼ਤਮ ਕਰਦੇ ਹੋਏ ਸੰਗਤਾਂ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਵੇ। ਇਸ ਮੀਟਿੰਗ ਸਮੇਂ ਸਰਕਲ ਪ੍ਰਧਾਨ ਜਥੇਦਾਰ ਬਲਜਿੰਦਰ ਸਿੰਘ ਸੇਖੋਂ, ਜਥੇਦਾਰ ਜਰਨੈਲ ਸਿੰਘ ਮਾਜਰੀ, ਸੰਦੀਪ ਸਿੰਘ ਸਿਰਾਜਮਾਜਰਾ, ਗੁਰਕੀਰਤ ਸਿੰਘ, ਹਰਸਾਹਿਬ ਸਿੰਘ, ਅੰਮ੍ਰਿਤਪਾਲ ਸਿੰਘ, ਵੀਰਦਵਿੰਦਰ ਸਿੰਘ, ਕੁਲਦੀਪ ਸਿੰਘ, ਅਮਰਿੰਦਰ ਸਿੰਘ, ਹਰਨੇਕ ਸਿੰਘ, ਕਮਲਦੀਪ ਸਿੰਘ ਤੋਂ ਇਲਾਵਾ ਪਿੰਡ ਦੇ ਵਰਕਰ ਤੇ ਆਗੂ ਮੌਜੂਦ ਸਨ।
ਫੋਟੋ ਕੈਪਸਨ :– ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੀਨੀਅਰ ਲੀਡਰਸ਼ਿਪ ਤੇ ਪਿੰਡ ਵਾਸੀਆਂ ਨਾਲ।