ਜਲੰਧਰ 04 ਅਗਸਤ (ਪਰਮਿੰਦਰ ਸਿੰਘ ) ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋ ਏਕਤਾ ਲਈ ਸਤੰਬਰ ‘ਚ ਕੀਤੀ ਜਾ ਰਹੀ ਦੇਸ਼ ਪੱਧਰ ਦੀ ਕਾਨਫਰੰਸ ਦੀ ਤਿਆਰੀ ਲਈ 09 ਅਗਸਤ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਦੋਨਾ ਜਥੇਬੰਦੀਆਂ ਦੀ ਸਾਂਝੀ ਜਨਰਲ ਬਾਡੀ ਮੀਟਿੰਗ ਕਰਕੇ ਤਿਆਰੀਆਂ ਸਬੰਧੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਇਹ ਫੈਸਲਾ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬੇ ਦੀ ਮੀਟਿੰਗ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਗੜ੍ਹਾ, ਜਲੰਧਰ ਵਿਖੇ ਡਾ. ਸਤਨਾਮ ਸਿੰਘ ਅਜਲਾਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਕੀਤਾ ਗਿਆ। ਇਸ ਮੌਕੇ ਤੇ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਦੋਵਾ ਜਥੇਬੰਦੀਆਂ ਦੀ ਏਕਤਾ ਨਾਲ ਕਿਸਾਨ ਸੰਘਰਸ਼ ਨੂੰ ਹੋਰ ਤਾਕਤ ਮਿਲੇਗੀ। ਉਹਨਾਂ ਕਿਹਾ ਕਿ 20-21 ਸਤੰਬਰ ਨੂੰ ਦੇਸ਼ ਪੱਧਰ ਦੇ ਕਿਸਾਨ ਜਲੰਧਰ ਵਿਖੇ ਹੋਣ ਵਾਲੇ ਡੈਲੀਗੇਟ ਇਜਲਾਸ ਵਿੱਚ ਪਹੁੰਚ ਕੇ ਕਿਸਾਨਾਂ ਦੀ ਏਕਤਾ ਅਤੇ ਉਹਨਾਂ ਦੀਆਂ ਮੰਗਾਂ ਮੁਸ਼ਕਲਾਂ ਦੇ ਹੱਲ ਸਬੰਧੀ ਚਰਚਾ ਕਰਨਗੇ। ਉਹਨਾਂ ਦੱਸਿਆ ਕਿ 09 ਅਗਸਤ ਨੂੰ ਦੋਵਾ ਜਥੇਬੰਦੀਆਂ ਦੀ ਸਾਂਝੀ ਜਨਰਲ ਬਾਡੀ ਮੀਟਿੰਗ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਸ ਏਕਤਾ ਸਬੰਧੀ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਦਿੱਤੇ ਗਏ ਪ੍ਰੋਗਰਾਮਾ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਧ ਚੱੜ ਕੇ ਸ਼ਾਮਲ ਹੋਵੇਗੀ। ਉਹਨਾਂ ਕਿਹਾ ਕਿ 10 ਅਗਸਤ ਨੂੰ ਲੁਟੇਰੇ ਕਾਰਪੋਰੇਟਾ ਵਿੱਚ ਜਨਤਕ ਰੋਸ ਮੁਜ਼ਾਹਰੇ ਕਰਕੇ ਕਾਰਪੋਰੇਟੋ ਭਾਰਤ ਛੱਡੋ ਦਾ ਹੋਕਾ ਦਿੱਤਾ ਜਾਵੇਗਾ ਅਤੇ ਅਮਰੀਕਾ ਭਾਰਤ ਮੁਕਤ ਵਪਾਰ ਸਮਝੋਤੇ ਨੂੰ ਰੱਦ ਕਰਨ ਦੀ ਮੰਗ ਹੋਵੇਗੀ। ਉਹਨਾ ਦੱਸਿਆ ਕਿ 01 ਸਤੰਬਰ ਤੋਂ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋ ਲਗਾਤਾਰ ਧਰਨਾ ਮਾਰਿਆ ਜਾਵੇਗਾ। ਜਿਸ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਹ ਪੱਕਾ ਧਰਨਾ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਤੋਂ ਬਿਨਾ ਖਤਮ ਨਹੀ ਹੋਵੇਗਾ। ਪ੍ਰੈੱਸ ਦੀ ਕਾਰਵਾਈ ਜਾਰੀ ਕਰਦਿਆਂ ਪ੍ਰੈੱਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਜਥੇਬੰਦੀਆਂ ਦੀ ਏਕਤਾ ਨਾਲ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਨੂੰ ਰੋਕ ਸਕਣ ਦੇ ਲਈ ਬਲ ਮਿਲੇਗਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਰਘਵੀਰ ਸਿੰਘ ਬੈਨੀਪਾਲ, ਪ੍ਰਗਟ ਸਿੰਘ ਜਾਮਾਰਾਏ, ਹਰਪ੍ਰੀਤ ਸਿੰਘ ਬੁਟਾਰੀ, ਰੇਸ਼ਮ ਸਿੰਘ ਫੈਲੋਕੇ, ਮਨਜੀਤ ਸਿੰਘ ਬੱਗੂ, ਦਰਸ਼ਨ ਸਿੰਘ ਬੇਲੂਮਾਜਰਾ, ਊਧਮ ਸਿੰਘ ਸੰਗਰੂਰ, ਸੁੰਖਮਿੰਦਰ ਸਿੰਘ ਧਾਲ਼ੀਵਾਲ, ਅਮਰੀਕ ਸਿੰਘ ਫੱਫੜੇ ਭਾਈਕੇ, ਮੇਜਰ ਸਿੰਘ ਖੁਰਲਾਪੁਰ, ਵੀਰਇੰਦਰਜੀਤ ਸਿੰਘ ਪੁਰੀ, ਮੋਹਣ ਸਿੰਘ ਧਮਾਣਾ, ਹਰਜੀਤ ਸਿੰਘ, ਸਵਰਨ ਸਿੰਘ ਹੁਸ਼ਿਆਰਪੁਰ, ਗੁਰਮੇਜ ਸਿੰਘ ਤਿਮੋਵਾਲ, ਦਲਜੀਤ ਸਿੰਘ ਦਿਆਲਪੁਰ, ਹਰਭਜਨ ਸਿੰਘ ਟਰਪਈ, ਲਛਮਣ ਸਿੰਘ ਕੂੰਮਕਲਾਂ, ਸੁਖਵਿੰਦਰ ਸਿੰਘ ਰਤਨਗੜ੍ਹ, ਰਮੇਸ਼ ਵਡੇਰਾ, ਬਲਜੀਤ ਸਿੰਘ ਕਲਾਂਨੌਰ ਆਦਿ ਹਾਜ਼ਰ ਸਨ।