*ਜ਼ਿਲ੍ਹਾ ਲਿਖਾਰੀ ਸਭਾ ਦੀ ਮੀਟਿੰਗ ‘ਚ ਊਧਮ ਸਿੰਘ ਯਾਦਗਾਰੀ ਸਨਮਾਨ ਸੁਰੂ ਕਰਨ ਦਾ ਫੈਸਲਾ*
*ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)*
ਜ਼ਿਲ੍ਹਾ ਲਿਖਾਰੀ ਸਭਾ (ਰਜਿ) ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਪ੍ਰਧਾਨ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਮਾਗਮ ਮੌਕੇ ਸਭਾ ਦੇ ਵਿੱਛੜੇ ਨਿਸ਼ਕਾਮ ਸੇਵਕ ਊਧਮ ਸਿੰਘ ਯਾਦਗਾਰੀ ਸਨਮਾਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਮਹਿਲਾ ਦਿਵਸ ਨੂੰ ਸਮਰਪਿਤ ਭਾਸ਼ਣ ਅਤੇ ਕਵੀ ਦਰਬਾਰ ਵੀ ਕਰਵਾਇਆ ਗਿਆ। ਉੱਘੇ ਸ਼ਾਇਰ ਤੇ ਚਿੰਤਕ ਲਛਮਣ ਸਿੰਘ ਤਰੌੜਾ ਅਤੇ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ। ਜਨਰਲ ਸਕੱਤਰ ਗੋਪਾਲੋਂ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਗੁਰਪ੍ਰੀਤ ਬਰਗਾੜੀ ਨੇ ਸਵਾਲ ਵਰਗੀ ਰਚਨਾ ‘ਹੁਣ ਤੂੰ ਹੀ ਦੱਸ ਕੀ ਇਹ ਪਾਪ ਨਹੀਂ ਜਦ ਸ਼ਬਦਾਂ ਦਾ ਗਰਭਪਾਤ ਹੁੰਦਾ ਹੈ?’, ਮਨਦੀਪ ਕੁਮਾਰ ਨੇ ਕਾਵਿ ਰੂਪ ਵਿੱਚ ਕਿਹਾ ਕਿ ਔਰਤ ਦੀ ਸਾਰੀ ਜ਼ਿੰਦਗੀ ਤਿੰਨ ਪ ਅੱਖਰਾਂ ਪਿਓ, ਪਤੀ ਅਤੇ ਪੁੱਤਰ ਦੇ ਗਿਰਦ ਘੁੰਮਦੀ ਰਹਿੰਦੀ ਹੈ। ਸੁਖਵੰਤ ਸਿੰਘ ਭੱਟੀ ਨੇ ਗੀਤ ‘ਬੀਬੀ ਚੱਲੀ ਸਾਧ ਦੇ ਡੇਰੇ’, ਜਸ਼ਨ ਮੱਟੂ ਅਤੇ ਮਨਦੀਪ ਲੋਟੇ ਨੇ ਮਹਿਲਾ ਨਿਵਾਸ ਸਬੰਧੀ ਵਿਚਾਰ ਦਿਤੇ। ਭਾਈ ਰਣਜੀਤ ਸਿੰਘ ਨੇ ‘ਚੰਗੀ ਕਿਸਮਤ ਦੇ ਨਾਲ ਮਿਲਦੀਆਂ ਧੀਆਂ ਭੈਣਾਂ ਮਾਵਾਂ’ ਕਵਿਤਾ, ਪ੍ਰੋ. ਸਾਧੂ ਸਿੰਘ ਪਨਾਗ ਨੇ ‘ਮੁਕਦੀਆਂ ਜਾਂਦੀਆਂ ਧੀਆਂ’ ਅਤੇ ਬਲਤੇਜ ਸਿੰਘ ਬਠਿੰਡਾ ਨੇ ਮਾਤਾ ਗੁਜਰੀ ਨੂੰ ਕਵਿਤਾ ਨਾਲ ਸਿਜਦਾ ਕੀਤਾ, ਲਛਮਣ ਸਿੰਘ ਤਰੌੜਾ ਨੇ ਖੁੱਲ੍ਹੀ ਕਵਿਤਾ ਪੜ੍ਹੀ। ਗ਼ਜ਼ਲਗੋ ਅਵਤਾਰ ਸਿੰਘ ਪੁਆਰ ਨੇ ਗੀਤ ‘ਹੁਣ ਹੋਰ ਕੰਮ ਨਾ ਕਰਾਈਂ ਮੇਰੀ ਅੰਮੀਏਂ, ਪੇਪਰਾਂ ਦੇ ਦਿਨ ਨੇੜੇ ਆਏ ਮੇਰੀ ਅੰਮੀਏਂ’, ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਢਿੱਲੋਂ ਨੇ ਔਰਤਾਂ ਦੇ ਸਤਿਕਾਰ ਦੀ ਗੱਲ ਆਖੀ। ਅੰਤ ਵਿੱਚ ਪਰਮਜੀਤ ਕੌਰ ਸਰਹਿੰਦ ਨੇ ਪੜ੍ਹੀਆਂ ਰਚਨਾਵਾਂ ਦੀ ਸਮੀਖਿਆ ਕੀਤੀ ਅਤੇ ਮਹਿਲਾ ਨਿਵਾਸ ਬਾਰੇ ਵਿਸਥਾਰ ‘ਚ ਦਸਿਆ। ਸਭਾ ਦੇ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ ਦੇ ਹੁਣੇ ਛਪੇ ਕਾਵਿ-ਸੰਗ੍ਰਹਿ ‘ਇਬਾਦਤ ਤੋਂ ਸ਼ਹਾਦਤ ਤੱਕ’ ਅਗਲੇ ਮਹੀਨੇ ਲੋਕ ਅਰਪਣ ਕਰਨ ਬਾਰੇ ਕਿਹਾ। ਭਾਈ ਰਣਜੀਤ ਸਿੰਘ ਨੇ ਆਪਣੀ ਲੜਕੀ ਦੀ ਸ਼ਾਦੀ ਅਤੇ ਆਪਣੀ ਸੇਵਾਮੁਕਤੀ ਨੂੰ ਮੁਖ ਰੱਖ ਕੇ ਚਾਹ ਪਾਣੀ ਆਦਿ ਦਾ ਪ੍ਰਬੰਧ ਕੀਤਾ।
*ਫੋਟੋ ਕੈਪਸ਼ਨ: ਸਭਾ ਦੀ ਪ੍ਰਧਾਨ ਪਰਮਜੀਤ ਕੌਰ ਅਤੇ ਹੋਰ ਜਾਣਕਾਰੀ ਦਿੰਦੇ ਹੋਏ।*