ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਾ ਹਰਿਆਣਾ ‘ਚ ਹੋਇਆ ਸਵਾਗਤ
ਵੱਖ-ਵੱਖ ਸੰਸਥਾਵਾਂ ਅਤੇ ਸੰਪਰਦਾਵਾਂ ਨੇ ਬਾਬਾ ਦਲਬਾਰਾ ਸਿੰਘ ਅਤੇ ਹੋਰ ਸਖਸ਼ੀਅਤਾਂ ਦਾ ਕੀਤਾ ਸਨਮਾਨ
ਫ਼ਤਹਿਗੜ੍ਹ ਸਾਹਿਬ, 13 ਜੁਲਾਈ(ਅਜੇ ਕੁਮਾਰ)
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਤੋਂ ਸੁਰੂ ਹੋਏ ਮਹਾਨ ਨਗਰ ਕੀਰਤਨ ਦਾ ਦੂਸਰੇ ਦਿਨ ਹਰਿਆਣਾ ਵਿਚ ਪਹੁੰਚਣ ‘ਤੇ ਵੱਖ-ਵੱਖ ਗੁਰਦਵਾਰਾ ਸਾਹਿਬਾਨ ਵਿਚ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਸ੍ਰੀ ਨਿੰਮ ਸਾਹਿਬ ਕੈਂਥਲ ਹਰਿਆਣਾ ਵਿਖੇ ਸੰਤ ਬਾਬਾ ਦਲਬਾਰਾ ਸਿੰਘ ਰੋਹੀਸਰ ਸਾਹਿਬ ਫ਼ਤਹਿਗੜ੍ਹ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਇਸ ਨਗਰ ਕੀਰਤਨ ਨੂੰ ਸਰਧਾ ਅਤੇ ਸਤਿਕਾਰ ਭੇਟ ਕਰਨ ਲਈ ਕੈਥਲ ਵਿਖੇ ਸਥਿੱਤ ਗੁਰਦੁਆਰਾ ਸ੍ਰੀ ਨਿੰਮ ਸਾਹਿਬ ਵਿਖੇ ਸਿਰਕਤ ਕੀਤੀ ਅਤੇ ਰੁਮਾਲਾ ਸਾਹਿਬ ਭੇਟ ਕੀਤਾ। ਸੰਤ ਬਾਬਾ ਦਲਬਾਰਾ ਸਿੰਘ ਨੇ ਮੁੱਖ ਮੰਤਰੀ ਸ੍ਰੀ ਸੈਣੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਡੀਆਈਜੀ ਰਣਬੀਰ ਸਿੰਘ ਖੱਟੜਾ, ਜਥੇਦਾਰ ਜਗਜੀਤ ਸਿੰਘ ਸੰਤ ਆਸ਼ਰਮ ਗੁਰਦੁਆਰਾ ਕ੍ਰਿਪਾਸਰ ਸਾਹਿਬ ਫ਼ਤਹਿਗੜ੍ਹ ਸਾਹਿਬ, ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਅਤੇ ਮਨਵੀਰ ਸਿੰਘ ਆਦਿ ਹਾਜ਼ਰ ਸਨ। ਵਰਨਣਯੋਗ ਹੈ ਕਿ ਇਹ ਮਹਾਨ ਨਗਰ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਅਤੇ ਭਾਈ ਮਤੀ ਦਾਸ ਦੀ ਸ਼ਹਾਦਤ ਦੇ 350 ਸਾਲਾ ਨੂੰ ਸਮਰਪਿਤ 11 ਜੁਲਾਈ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਸੁਰੂ ਹੋਇਆ ਸੀ ਜਿਸ ਉਪਰੰਤ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਗੁਰੂ ਕੀ ਤਾਲ ਗੁਰਦੁਆਰਾ ਸਾਹਿਬ ਆਗਰਾ ਹੁੰਦਾ ਹੋਇਆ 14 ਜੁਲਾਈ ਨੂੰ ਦਿਲੀ ਦੇ ਚਾਂਦਨੀ ਚੌਕ ਸਥਿੱਤ ਗੁਰਦੁਆਰਾ ਸ੍ਰੀ ਸ਼ੀਸ ਗੰਜ ਸਾਹਿਬ ਵਿਖੇ ਸੰਪੂਰਨ ਹੋਵੇਗਾ। ਸਾਰੀਆਂ ਥਾਵਾਂ ‘ਤੇ ਵੱਖ-ਵੱਖ ਧਰਮਾਂ ਦੇ ਮਹਾਂਪੁਰਸਾਂ ਤੋਂ ਇਲਾਵਾ ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਵੀ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਹਜਾਰਾਂ ਦੀ ਗਿਣਤੀ ਵਿਚ ਸਰਧਾਲੂ ਸ਼ਾਮਲ ਹੋ ਰਹੇ ਹਨ। ਚੀਕਾ ਵਿਚ ਪਹੁੰਚਣ ਤੇ ਮਹਾਵੀਰ ਦਲ ਦੇ ਸਾਹਮਣੇ ਸੂਗਰਫੈਡ ਦੇ ਸਾਬਕਾ ਚੇਅਰਮੈਨ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਹਰਪਾਲ ਸਿੰਘ, ਸਾਬਕਾ ਕੌਂਸਲਰ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਹਰਿਆਣਾ ਦੇ ਕਨਵੀਨਰ ਗਿਆਨ ਚੰਦਜੈਨ, ਵੀਰ ਸਿੰਘ ਬਰਾੜਾ, ਹਰਿਆਣਾ ਦੇ ਪ੍ਰਧਾਨ ਗਿਆਨ ਚੰਦ, ਜੈਨਵੀਰ ਜੰਡ, ਅਨਾਜ ਮੰਡੀ ਦੇ ਪ੍ਰਧਾਨ ਕਰਮ ਚੰਦ ਗਰਗ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਪ੍ਰੇਮ ਪੂਨੀਆ, ਸਰਪਰਸਤ ਡਾ. ਵਿਨੋਦ ਗੁਪਤਾਂ, ਹਿੰਦੂ ਵਿਸ਼ਵ ਪ੍ਰੀਸ਼ਦ ਦੇ ਸੰਜੀਵ ਜਿੰਦਲ, ਰੋਟਰੀ ਕਲੱਬ ਦੇ ਪ੍ਰਧਾਨ ਨਰੇਸ਼ ਜੈਨ, ਡਾ. ਸਤੀਸ਼ ਮਿਤਲ ਆਦਿ ਨੇ ਵੀ ਭਰਵਾਂ ਸਵਾਗਤ ਕੀਤਾ।
ਫ਼ੋਟੋ ਕੈਪਸਨ: ਹਰਿਆਣਾ ਦੇ ਗੁਰਦੁਆਰਾ ਸ੍ਰੀ ਨਿੰਮ ਸਾਹਿਬ ਵਿਖੇ ਸੰਤ ਬਾਬਾ ਦਲਬਾਰਾ ਸਿੰਘ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਨੱਤਮੱਸਤਕ ਹੁੰਦੇ ਹੋਏ।