ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਸ੍ਰੀ ਝਰਵਾਣਾ ਸਾਹਿਬ ‘ਚ ਵਿਸ਼ਾਲ ਗੁਰਮਤਿ ਸਮਾਗਮ
ਭਾਦਸੋਂ, 15 ਅਪ੍ਰੈਲ (ਜਗਜੀਤ ਸਿੰਘ ਕੈਂਥ):
ਖਾਲਸਾ ਸਾਜਨਾ ਦਿਵਸ ਦੇ ਪਾਵਨ ਮੌਕੇ ਗੁਰਦੁਆਰਾ ਸ੍ਰੀ ਝਰਵਾਣਾ ਸਾਹਿਬ, ਪਿੰਡ ਦਿੱਤੂਪੁਰ ਜੱਟਾਂ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਪ੍ਰਸਿੱਧ ਕਥਾਵਾਚਕ ਗਿਆਨੀ ਰਾਜਿੰਦਰਪਾਲ ਸਿੰਘ ਨਾਭਾ ਵਾਲਿਆਂ ਵੱਲੋਂ ਸੰਗਤਾਂ ਨਾਲ ਖਾਲਸਾ ਪੰਥ ਦੇ ਸਾਜਨਾ ਸਬੰਧੀ ਗੁਰਮਤਿ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਸਥਾਨਕ ਰਾਗੀ ਜਥਿਆਂ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਪੁਰਸ਼ੋਤਮ ਸਿੰਘ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗਿਆਨੀ
ਰਾਜਿੰਦਰਪਾਲ ਸਿੰਘ ਨੇ ਖਾਲਸਾ ਪੰਥ ਦੇ ਪ੍ਰਗਟ ਹੋਣ ਦਾ ਇਤਿਹਾਸ ਵਿਸਥਾਰ ਨਾਲ ਵਿਆਖਿਆ ਕਰਦੇ ਹੋਏ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਕਾਰਜਾਂ ਅਤੇ ਉਨ੍ਹਾਂ ਦੀ ਵਿਲੱਖਣਤਾ ਬਾਰੇ ਚਾਨਣ ਪਾਇਆ।
ਉਨ੍ਹਾਂ ਨੇ ਪੰਜ ਪਿਆਰੇ—ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ—ਦੀ ਸ਼ਹਾਦਤ ਅਤੇ ਗੁਰੂ ਸਾਹਿਬ ਅੱਗੇ ਸੀਸ ਨਿਵਾਉਣ ਦੀ ਅਮਰ ਕਥਾ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤੀ, ਜਿਸ ਨੂੰ ਸੰਗਤਾਂ ਨੇ ਭਾਵੁਕਤਾ ਨਾਲ ਸੁਣਿਆ।
ਸਮਾਗਮ ਦੇ ਅੰਤ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਾਜਿੰਦਰਪਾਲ ਸਿੰਘ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹੈੱਡ ਗ੍ਰੰਥੀ ਨਰਿੰਦਰ ਸਿੰਘ, ਮੀਤ ਗ੍ਰੰਥੀ ਹਰਪ੍ਰੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਮੀਤ ਪ੍ਰਧਾਨ ਨਛੱਤਰ ਸਿੰਘ, ਖਜ਼ਾਨਚੀ ਸੁਖਜੀਤ ਸਿੰਘ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਪ੍ਰਧਾਨ ਬੀਬੀ ਹਰਬੰਸ ਕੌਰ, ਮੈਂਬਰ ਬੀਬੀ ਪਰਮਜੀਤ ਕੌਰ ਸਮੇਤ ਨਗਰ ਦੀਆਂ ਸੰਗਤਾਂ ਹਾਜ਼ਰ ਸਨ।
ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਫੋਟੋ ਕੈਪਸ਼ਨ: ਗੁਰਦੁਆਰਾ ਸ੍ਰੀ ਝਰਵਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਸਿੱਧ ਕਥਾਵਾਚਕ ਗਿਆਨੀ ਰਾਜਿੰਦਰਪਾਲ ਸਿੰਘ ਨਾਭਾ ਵਾਲਿਆਂ ਦਾ ਸਨਮਾਨ ਕਰਦੇ ਹੋਏ।