ਡਾ. ਧਰਮਿੰਦਰ ਸਿੰਘ ਉੱਭਾ ਦੀ ਚੌਥੀ ਵਾਰਤਕ ਪੁਸਤਕ ‘ਜੀਵਨ, ਮੁਹੱਬਤ ਅਤੇ ਚੜ੍ਹਦੀ ਕਲਾ’ ਲੋਕ ਅਰਪਿਤ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਪ੍ਰਸਿੱਧ ਸਿੱਖਿਆ ਸ਼ਾਸਤਰੀ, ਸਾਹਿਤਕਾਰ ਅਤੇ ਪ੍ਰਿੰਸੀਪਲ, ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ ਨੇ ਡਾ. ਧਰਮਿੰਦਰ ਸਿੰਘ ਉੱਭਾ ਦੀ ਚੌਥੀ ਵਾਰਤਕ ਪੁਸਤਕ ‘ਜੀਵਨ, ਮੁਹੱਬਤ ਅਤੇ ਚੜ੍ਹਦੀ ਕਲਾ’ ਸਰਹਿੰਦ ਵਿਚ ਇਕ ਸਮਾਗਮ ਦੌਰਾਨ ਲੋਕ ਅਰਪਿਤ ਕੀਤੀ। ਇਸ ਮੌਕੇ ਉੱਚੇਰੀ ਸਿੱਖਿਆ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਗਤਾਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਵਿਨੋਦ ਕੁਮਾਰ ਅਤੇ ਸ਼੍ਰੋਮਣੀ ਕਮੇਟੀ ਦੇ ਡਿਪਟੀ ਡਾਇਰੈਕਟਰ ਡਾ. ਕਸ਼ਮੀਰ ਸਿੰਘ ਨੇ ਪੁਸਤਕ ਦੇ ਵੱਖ-ਵੱਖ ਪੱਖਾਂ ਬਾਰੇ ਚਰਚਾ ਕੀਤੀ। ਡਾ. ਜਗਤਾਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਆਧੁਨਿਕ ਮਨੁੱਖ ਨੂੰ ਸਕਾਰਾਤਮਕ ਸੋਚ, ਸ਼ੁਕਰਾਨੇ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤਣਾਅਪੂਰਨ ਸਮਾਜਿਕ ਮਾਹੌਲ ਵਿੱਚ ਅਜਿਹੀਆਂ ਰਚਨਾਵਾਂ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ ਅਤੇ ਜੀਵਨ ਦੇ ਅਸਲ ਅਰਥਾਂ ਨੂੰ ਸਮਝਣ ਲਈ ਪ੍ਰੇਰਿਤ ਕਰਦੀਆਂ ਹਨ। ਡਾ. ਵਿਨੋਦ ਕੁਮਾਰ ਨੇ ਕਿਹਾ ਕਿ ‘ਜੀਵਨ, ਮੁਹੱਬਤ ਅਤੇ ਚੜ੍ਹਦੀ ਕਲਾ’ ਕੇਵਲ ਲੇਖਾਂ ਦਾ ਸੰਗ੍ਰਹਿ ਨਹੀਂ, ਸਗੋਂ ਜੀਵਨ-ਦਰਸ਼ਨ ਦਾ ਇੱਕ ਸੁੰਦਰ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਪਿਆਰ, ਮਨੁੱਖਤਾ, ਪਰਿਵਾਰਕ ਮੁੱਲਾਂ, ਮਾਂ ਦੀ ਮਮਤਾ, ਦੋਸਤੀ, ਆਤਮ-ਚਿੰਤਨ ਅਤੇ ਰੂਹਾਨੀਅਤ ਵਰਗੇ ਵਿਸ਼ਿਆਂ ਨੂੰ ਬਹੁਤ ਹੀ ਸਰਲ, ਪ੍ਰਭਾਵਸ਼ਾਲੀ ਅਤੇ ਦਿਲ ਨੂੰ ਛੂਹਣ ਵਾਲੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ। ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਪੁਸਤਕ ਮਨੁੱਖ ਨੂੰ ਆਪਣੇ ਮੂਲ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਲੇਖਕ ਨੇ ਆਪਣੇ ਅਨੁਭਵਾਂ ਅਤੇ ਅਵਲੋਕਨਾਂ ਰਾਹੀਂ ਪਿਆਰ, ਸੇਵਾ, ਸਹਿਜਤਾ, ਸੰਤੋਖ ਅਤੇ ਚੜ੍ਹਦੀ ਕਲਾ ਦੇ ਸੰਦੇਸ਼ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪਾਠਕਾਂ ਤੱਕ ਪਹੁੰਚਾਇਆ ਹੈ। ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਇਹ ਪੁਸਤਕ ਜੀਵਨ ਦੇ ਵੱਖ-ਵੱਖ ਅਨੁਭਵਾਂ, ਰਿਸ਼ਤਿਆਂ, ਮਨੁੱਖੀ ਮੁੱਲਾਂ ਅਤੇ ਰੂਹਾਨੀ ਚਿੰਤਨ ਦਾ ਨਿਚੋੜ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਵਿੱਚ ਸ਼ਾਮਲ ਲੇਖ ਆਮ ਜੀਵਨ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਵਿੱਚੋਂ ਉੱਭਰੇ ਉਹ ਵਿਚਾਰ ਹਨ ਜੋ ਮਨੁੱਖ ਨੂੰ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਇਹ ਪੁਸਤਕ ਆਪਣੀ ਜੀਵਨ ਸਾਥਣ ਡਾ. ਸਵਰਨਜੀਤ ਕੌਰ ਉੱਭਾ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਆਰ, ਸਾਥ, ਸਮਝ ਅਤੇ ਵਿਸ਼ਵਾਸ ਨੇ ਜੀਵਨ ਦੇ ਹਰ ਪੜਾਅ ਤੇ ਉਨ੍ਹਾਂ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਹੈ। ਇਸ ਮੌਕੇ ਪ੍ਰੋ. ਅੱਛਰੂ ਸਿੰਘ, ਸੁਰਜੀਤ ਸਿੰਘ ਸਾਹੀ, ਡਾ. ਕੁਲਵਿੰਦਰ ਸਿੰਘ ਸੋਹਲ, ਭੁਪਿੰਦਰ ਸਿੰਘ ਜੱਗੀ, ਪ੍ਰੋ. ਗੁਰਦਰਸ਼ਨ ਸਿੰਘ, ਡਾ. ਅੰਮ੍ਰਿਤਵੀਰ ਸਿੰਘ, ਡਾ. ਜਗਜੀਤ ਸਿੰਘ, ਪ੍ਰਿਤਪਾਲ ਸਿੰਘ ਜੱਸੀ ਅਤੇ ਕਰਨਵੀਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਪੁਸਤਕ ਜਾਰੀ ਕਰਦੇ ਹੋਏ ਮਹਿਮਾਨ ਅਤੇ ਵਿਦਵਾਨ।