ਬਰਨਾਲਾ ਦੀ ਤਪਾ ਮੰਡੀ ਨੇੜਲੇ ਪਿੰਡ ਭੈਣੀ ਫੱਤਾ ਵਿਖੇ ਖੇਤ ‘ਚ ਕੰਮ ਕਰਦੇ ਹੋਏ ਨੌਜਵਾਨ ਦੀ ਮੌਤ ਹੋ ਗਈ ਹੈ

ਬਰਨਾਲਾ, 28 ਨਵੰਬਰ, (ਦੀਪਾ ਬਰਾੜ)

ਬਰਨਾਲਾ ਦੀ ਤਪਾ ਮੰਡੀ ਨੇੜਲੇ ਪਿੰਡ ਭੈਣੀ ਫੱਤਾ ਵਿਖੇ ਖੇਤ ‘ਚ ਕੰਮ ਕਰਦੇ ਹੋਏ ਨੌਜਵਾਨ ਦੀ ਮੌਤ ਹੋ ਗਈ ਹੈ। ਸੁਪਰਸੀਡਰ ਮਸ਼ੀਨ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਲਾਸ਼ ਦੇ ਟੁਕੜੇ-ਟੁਕੜੇ ਹੋ ਗਏ। ਮ੍ਰਿਤਕ ਦੀ ਪਛਾਣ ਸੁਖਬੀਰ ਸਿੰਘ (20) ਵਜੋਂ ਹੋਈ ਹੈ। ਸੁਖਬੀਰ ਸਿੰਘ ਦਾ ਪਰਿਵਾਰ ਖੇਤੀ ਕਰਦਾ ਹੈ। 12ਵੀਂ ਪਾਸ ਕਰਨ ਤੋਂ ਬਾਅਦ ਉਹ ਪਰਿਵਾਰ ਨਾਲ ਖੇਤਾਂ ਵਿੱਚ ਕੰਮ ਕਰਦਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਤਪਾ ਮੰਡੀ ਨੇੜਲੇ ਪਿੰਡ ਭੈਣੀ ਫੱਤਾ ਵਿੱਚ ਸੁਖਬੀਰ ਸਿੰਘ ਆਪਣੇ ਖੇਤ ਵਿੱਚ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ। ਉਹ ਟਰੈਕਟਰ ਦੀ ਸੀਟ ‘ਤੇ ਬੈਠਾ ਸੀ। ਇਸ ਦੌਰਾਨ ਉਹ ਟਰੈਕਟਰ ਦੇ ਪਿੱਛੇ ਲੱਗੀ ਸੁਪਰਸੀਡਰ ਨੂੰ ਦੇਖਣ ਲੱਗਾ। ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ। ਹੇਠਾਂ ਡਿੱਗਣ ਕਾਰਨ ਉਹ ਸੁਪਰਸੀਡਰ ਵਿੱਚ ਫਸ ਗਿਆ। ਸੁਪਰਸੀਡਰ ਮਸ਼ੀਨ ਨਾਲ ਉਸ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਗਏ।ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।ਅੱਜ ਵੀਰਵਾਰ ਨੂੰ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਹ ਘਟਨਾ ਬੀਤੇ ਕੱਲ੍ਹ ਸ਼ਾਮ 4 ਵਜੇ ਵਾਪਰੀ।

Leave a Comment