ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਦਾ ਜਨਮ ਦਿਹਾੜਾ ਅੱਜ

ਫ਼ਤਹਿਗੜ੍ਹ ਸਾਹਿਬ, 26 ਫ਼ਰਵਰੀ-(ਅਜੇ ਕੁਮਾਰ)

ਸ਼੍ਰੋਮਣੀ ਸ਼ਹੀਦ ਭਾਈ ਸੰਗਤ ਸਿੰਘ ਵੈਲਫ਼ੇਅਰ ਟਰੱਸਟ ਰਜਿ. ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਟਰੱਸਟ ਦੇ ਪ੍ਰਧਾਨ ਇੰਜ. ਪ੍ਰੇਮ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਪੁਰਾਤਨ ਸ਼ਹੀਦੀ ਬੁੰਗਾ ਨੇੜੇ ਰੇਲਵੇ ਫ਼ਾਟਕ ਵਿਖੇ ਹੋਈ। ਬਾਅਦ ਵਿਚ ਇੰਜ. ਪ੍ਰੇਮ ਸਿੰਘ ਖਾਲਸਾ ਅਤੇ ਸੀਨੀਅਰ ਐਡਵੋਕੇਟ ਰਾਮ ਸਿੰਘ ਰੈਸਲ ਨੇ ਦਸਿਆ ਕਿ ਮੀਟਿੰਗ ਵਿਚ ਗੜ੍ਹੀ ਚਮਕੌਰ ਦੇ ਸ਼੍ਰੋਮਣੀ ਸ਼ਹੀਦ ਭਾਈ ਸੰਗਤ ਸਿੰਘ ਦਾ ਜਨਮ ਦਿਹਾੜਾ 27 ਫ਼ਰਵਰੀ ਨੂੰ ਸਮੂਹ ਧਾਰਮਿਕ, ਨਿਹੰਗ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਉਂਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦਸਿਆ ਕਿ 27 ਫ਼ਰਵਰੀ ਨੂੰ ਸਵੇਰੇ 9.30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ, ਢਾਡੀ ਅਤੇ ਕਥਾ ਵਾਚਕ ਭਾਈ ਰਾਜਿੰਦਰਪਾਲ ਸਿੰਘ ਨਾਭਾ ਅਤੇ ਸੰਤ ਬਾਬਾ ਨਛੱਤਰ ਸਿੰਘ ਕਲਰ ਭੈਣੀ ਵਾਲੇ ਸੰਗਤਾਂ ਨੂੰ ਸ਼ਹੀਦ ਭਾਈ ਸੰਗਤ ਸਿੰਘ ਦੇ ਜੀਵਨ ਬਾਰੇ ਜਾਣੂੰ ਕਰਵਾਉਂਣਗੇ। ਸਮਾਗਮ ਵਿਚ ਜਥੇਦਾਰ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਦਲ, ਜਥੇਦਾਰ ਸੁਖਪਾਲ ਸਿੰਘ ਮਿਸਲ ਸ਼ਹੀਦ ਬਾਬਾ ਸੰਗਤ ਸਿੰਘ ਮਾਲਵਾ ਤਰਨਾ ਦਲ ਫੂਲ ਅਤੇ ਜਥੇਦਾਰ ਤਿਰਲੋਕ ਸਿੰਘ ਨਿਹੰਗ ਫ਼ਤਹਿ ਸਿੰਘ ਕੇ ਜਥੇ ਸਿੰਘ ਪਹੁੰਚ ਰਹੇ ਹਨ, ਸਟੇਜ ਦੀ ਭੁਮਿਕਾ ਜਥੇਦਾਰ ਨਿਹੰਗ ਕੁਲਦੀਪ ਸਿੰਘ 96 ਕਰੋੜੀ ਬੁੱਢਾ ਦਲ ਛਾਉਂਣੀ ਅਗੌਲ ਵਾਲੇ ਨਿਭਾਉਂਣਗੇ। ਅਰਦਾਸ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਉਨ੍ਹਾਂ ਸੰਗਤਾਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।

Leave a Comment