ਫ਼ਾਜ਼ਿਲਕਾ, 7 ਦਸੰਬਰ(ਦੀਪਾ ਬਰਾੜ)
ਫ਼ਾਜ਼ਿਲਕਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਜ਼ਮੀਨੀ ਵਿਵਾਦ ਦੇ ਚਲਦਿਆਂ ਗੁਆਂਢੀ ਖੇਤ ਮਾਲਕਾਂ ਨੇ ਦੂਜੇ ਪੱਖ ਦੇ ਲੋਕਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਤਿੰਨ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ।
ਅਬੋਹਰ ਖੇਤਰ ਦੇ ਪਿੰਡ ਕੇਰਾਖੇੜਾ ਦੇ ਰਹਿਣ ਵਾਲੇ ਮਦਨ ਪੁੱਤਰ ਪਿਰਥੀ ਲਾਲ ਨੇ ਦੱਸਿਆ ਕਿ ਅੱਜ ਸਵੇਰੇ ਉਹ, ਉਸਦਾ ਬੇਟਾ ਪਵਨ ਅਤੇ ਭਾਬੀ ਸੋਮਾ ਪਤਨੀ ਸੁਭਾਸ਼ ਖੇਤ ਵਿੱਚ ਸਰੋਂ ਬੀਜ ਰਹੇ ਸਨ। ਇਸ ਦੌਰਾਨ ਗੁਆਂਢੀ ਖੇਤ ਮਾਲਕ ਨੇ ਆਪਣਾ ਟ੍ਰੈਕਟਰ ਕਣਕ ਦੇ ਖੇਤ ਵਿੱਚੋਂ ਕੱਢਿਆ, ਜਿਸ ਨਾਲ ਖੇਤ ਵਿਚ ਖੜ੍ਹੀ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਗਿਆ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਤਾਂ ਗੁਆਂਢੀ ਗੁੱਸੇ ਵਿੱਚ ਆ ਗਿਆ ਅਤੇ ਜਿੱਥੇ ਉਹ ਬੀਜ ਰਹੇ ਸਨ, ਉਥੇ ਜਾਣ-ਬੁੱਝ ਕੇ ਦੋਪਹੀਆ ਵਾਹਨ ਚਲਾ ਦਿੱਤਾ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ।