ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ)
ਕੈਬਨਿਟ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਮਹਾਨ ਧਰਤੀ ਉਪਰ ਹੋਈਆਂ ਲਸਾਨੀ ਕੁਰਬਾਨੀਆਂ ਦੀ ਦੁਨੀਆਂ ਦੇ ਕਿਸੇ ਵੀ ਧਰਮ ਵਿਚ ਕੋਈ ਮਿਸਾਲ ਨਹੀਂ ਮਿਲਦੀ ਜਿਸ ਤੋਂ ਸੇਧ ਲੈ ਕੇ ਸਾਨੂੰ ਜਬਰ ਅਤੇ ਜੁਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ। ਉਹ ਇਥੇ ਨੱਤਮੱਸਤਕ ਹੋਣ ਉਪਰੰਤ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਸਮੇਤ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਕੁਰਬਾਨੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਨੂੰ ਹਿੰਦੂ ਪੰਡਤਾਂ ਦੀ ਫਰਿਆਤ ‘ਤੇ ਦਿਲੀ ਹਕੂਮਤ ਕੋਲ ਸ਼ਹਾਦਤ ਲਈ ਆਪ ਤੋਰਿਆ ਅਤੇ ਫ਼ਿਰ ਜੁਲਮ ਖਿਲਾਫ਼ ਸਰਬੰਸ ਵਾਰ ਦਿਤਾ। ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ਉਪਰ ਚਲਦੇ ਹੋਏ ਜਿਥੇ ਮਜਲੂਮ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਉਥੇ ਜਬਰ ਖਿਲਾਫ਼ ਵੀ ਲੜਨ ਲਈ ਅੱਗੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਸੂਦ, ਬਲਬੀਰ ਸਿੰਘ ਸੋਢੀ ਅਤੇ ਅਸ਼ੀਸ਼ ਅੱਤਰੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਕੈਬਨਿਟ ਮੰਤਰੀ ਅਮਨ ਅਰੋੜਾ, ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਆਪ ਆਗੂ ਗਲਬਾਤ ਕਰਦੇ ਹੋਏ।