ਸ਼ਹੀਦੀ ਸਭਾ ਦੌਰਾਨ ਸਹਿਯੋਗ ਕਰਨ ਲਈ ਚੀਮਾ, ਝਿੰਜਰ, ਚਨਾਰਥਲ, ਕੰਗ ਨੇ ਕੀਤਾ ਧੰਨਵਾਦ

ਫਤਹਿਗੜ੍ਹ ਸਾਹਿਬ, (ਅਜੇ ਕੁਮਾਰ)

ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਤਿੰਨ ਰੋਜ਼ਾ ਸ਼ਹੀਦੀ ਸਭਾ ਦੇ ਪ੍ਰਬੰਧਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਨ ਵਾਲੀਆਂ ਲੰਗਰ ਕਮੇਟੀਆਂ, ਸਿੰਘ ਸਭਾਵਾਂ, ਕਾਲਜ ਅਤੇ ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ‘ਤੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਅਕਾਲੀ ਦਲ ਦੇ ਜਿਲਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਸਾਂਝੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 15 ਦਿਨਾਂ ਤੋਂ ਸ਼ੁਰੂ ਹੋਏ ਸ਼ਹੀਦੀ ਪੰਦਰਵਾੜੇ ਦੌਰਾਨ ਲੱਖਾਂ ਸੰਗਤਾਂ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਧਰਤੀ ’ਤੇ ਪਹੁੰਚ ਕੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਅਕੀਦਤ ਭੇਟ ਕੀਤੀ। ਉਨ੍ਹਾਂ ਕਿਹਾ ਕਿ ਲੱਖਾਂ ਦੀ ਤਾਦਾਦ ਵਿਚ ਪਹੁੰਚੀਆਂ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਰਿਹਾਇਸ਼ ਅਤੇ ਲੰਗਰਾਂ ਦਾ ਪ੍ਰਬੰਧਾਂ ਕਰਨਾ ਮੁਸ਼ਕਿਲ ਸੀ ਪਰ ਵੱਖ-ਵੱਖ ਸੰਸਥਾਵਾਂ ਨੇ ਸ਼ਰਧਾ ਨਾਲ ਇਨ੍ਹਾਂ ਸੇਵਾਵਾਂ ਵਿਚ ਸਹਿਯੋਗ ਕਰਕੇ ਸ਼ਹੀਦੀ ਸਭਾ ਨੂੰ ਅਮਨ ਸ਼ਾਂਤੀ ਨਾਲ ਸੰਪੰਨ ਕਰਵਾਉਣ ’ਚ ਵੱਡੀ ਜ਼ਿੰਮੇਵਾਰੀ ਨਿਭਾਈ ਹੈ। ਸ. ਚੀਮਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵਡਮੁੱਲੇ ਸਹਿਯੋਗ ਸਦਕਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਵਲੋਂ ਆਪਣੇ ਸਟਾਫ਼ ਸਮੇਤ ਸਮੁੱਚੇ ਪ੍ਰਬੰਧਾਂ ਜਿਵੇਂ ਕਿ ਲੰਗਰ, ਪਾਣੀ ਅਤੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਵਿਚ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਸਮੂਹ ਸਭਾ ਸੁਸਾਇਟੀਆਂ, ਲੰਗਰ ਲਗਾਉਣ ਵਾਲੀਆਂ ਕਮੇਟੀਆਂ, ਮਾਤਾ ਗੁਜਰੀ ਕਾਲਜ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਵੀ ਰਿਹਾਇਸ਼ ‘ਤੇ ਹੋਰ ਸੇਵਾ ਕਾਰਜਾਂ ਵਿਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦੋ ਦਿਨਾਂ ‘ਮੇਰੀ ਦਸਤਾਰ ਮੇਰੀ ਸ਼ਾਨ’ ਤਹਿਤ ਦਸਤਾਰ ਕੈਂਪ ਲਗਾਇਆ ਗਿਆ, ਉੱਥੇ ਕਾਲਜ ਦੇ ਮੇਨ ਗੇਟ ‘ਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਤਿੰਨ ਦਿਨਾਂ ‘ਲੰਗਰ ਦਸਤਾਰਾਂ ਦੇ’ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਤੋਂ ਇਲਾਵਾ ਦੀਵਾਨ ਟੋਡਰ ਹਾਲ ਵਿਚ ਤਿੰਨੋਂ ਦਿਨ 24 ਘੰਟੇ ਸੰਗਤਾਂ ਨੂੰ ਕੀਰਤਨ, ਵਾਰਾਂ ਸਰਵਣ ਕਰਵਾਉਣ ਵਾਲੇ ਰਾਗੀ, ਢਾਡੀ, ਕਵੀਸ਼ਰੀ ਜਥਿਆਂ, ਕਥਾ ਵਾਚਕਾਂ ਅਤੇ ਵਿਦਵਾਨ ਪ੍ਰਚਾਰਕਾਂ ਦਾ ਵੀ ਉਨ੍ਹਾਂ ਧੰਨਵਾਦ ਕੀਤਾ। ਇਸ ਮੌਕੇ ਅਮਰਬੀਰ ਸਿੰਘ ਪ੍ਰਿੰਸ ਚਟਵਾਲ, ਸੁਖਵਿੰਦਰ ਸਿੰਘ ਜੈਲਦਾਰ, ਜਸਵੰਤ ਸਿੰਘ ਮੰਡੋਫਲ, ਹਰਿੰਦਰ ਸਿੰਘ ਕੁੱਕੀ, ਸਵਰਨ ਸਿੰਘ ਗੁਪਾਲੋ ਅਤੇ ਨਰਿੰਦਰ ਸਿੰਘ ਰਸੀਦਪੁਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਜਗਦੀਪ ਸਿੰਘ ਚੀਮਾ, ਸਰਬਜੀਤ ਸਿੰਘ ਝਿੰਜਰ, ਸਰਨਜੀਤ ਸਿੰਘ ਚਨਾਰਥਲ, ਗੁਰਦੀਪ ਸਿੰਘ ਕੰਗ।

Leave a Comment