ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਚਾਈਨੀਜ਼ ਡੋਰ ਸਬੰਧੀ ਸਰਹਿੰਦ ਮੰਡੀ ਵਿਖੇ ਦੁਕਾਨਾਂ ਦੀ ਚੈਕਿੰਗ

ਫ਼ਤਹਿਗੜ੍ਹ ਸਾਹਿਬ (ਜਗਜੀਤ ਸਿੰਘ)
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਐੱਸਡੀਓ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਚਾਈਨੀਜ਼ ਡੋਰ ’ਤੇ ਪਾਬੰਦੀ ਸਬੰਧੀ ਜਾਂਚ ਕਰਨ ਲਈ ਬੋਰਡ ਦੀ ਟੀਮ ਵੱਲੋਂ ਐੱਸ.ਡੀ.ਓ. ਸਨਅਤਪ੍ਰੀਤ ਸਿੰਘ ਅਤੇ ਜੇਈ ਗੁਰਪਿੰਦਰ ਸਿੰਘ ਦੀ ਅਗਵਾਈ ਵਿੱਚ ਸਰਹਿੰਦ ਮੰਡੀ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕਿਤੋਂ ਵੀ ਚਾਈਨੀਜ਼ ਡੋਰ ਨਹੀਂ ਮਿਲੀ। ਇਸ ਮੌਕੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਇਸ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਾਈਨਾਂ ਡੋਰ ਦੇ ਉਤਪਾਦਨ, ਵਿਕਰੀ, ਸਟੋਰੇਜ, ਖਰੀਦ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਪਲਾਸਟਿਕ ਦੀ ਬਣੀ ਡੋਰ ਜਿਥੇ ਮਨੁੱਖਾਂ ਲਈ ਘਾਤਕ ਹੈ ਉਥੇ ਇਸ ਵਿੱਚ ਫਸ ਕੇ ਪੰਛੀ ਵੀ ਨੁਕਸਾਨੇ ਜਾਂਦੇ ਹਨ। ਐੱਸ.ਡੀ.ਓ. ਸਨਅਤਪ੍ਰੀਤ ਸਿੰਘ ਨੇ ਦੱਸਿਆ ਕਿ ਪਲਾਸਟਿਕ ਨਾਲ ਬਣੀ ਡੋਰ ਦੀ ਵਿਕਰੀ ਗੈਰ ਕਾਨੂੰਨੀ ਹੈ ਅਤੇ ਇਸ ਦੀ ਵਿਕਰੀ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਨੂੰ ਕੈਦ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਬੋਰਡ ਦੀ ਟੀਮ ਵੱਲੋਂ ਪਤੰਗ ‘ਤੇ ਡੋਰ ਵੇਚਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਇਸ ਡੋਰ ਦੀ ਵਿਕਰੀ ’ਤੇ ਲਗਾਈ ਗਈ ਰੋਕ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਸਰਕਾਰ ਵੱਲੋਂ ਜਾਰੀ ਕੀਤੇ ਕਾਨੂੰਨਾਂ ਅਤੇ ਦਿਸ਼ਾ ਨਿਰਦੇਸ਼ਾਂ ਬਾਰੇ ਵੀ ਦੱਸਿਆ ਗਿਆ। ਚੈਕਿੰਗ ਟੀਮ ਨੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਕਿਹਾ ਕਿ ਚਾਈਨਾ ਡੋਰ ’ਤੇ ਲਗਾਈ ਪਾਬੰਦੀ ਦੀ ਸਖਤੀ ਨਾਲ ਪਾਲਣਾ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ।
ਫੋਟੋ ਕੈਪਸ਼ਨ: ਵਿਭਾਗ ਦੇ ਅਧਿਕਾਰੀ ਦੁਕਾਨਦਾਰਾਂ ਨੂੰ ਜਾਗਰੂਕ ਕਰਦੇ ਹੋਏ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼

Leave a Comment