ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਸਿਹਤ ਪ੍ਰੋਗਰਾਮ ਅਫਸਰਾਂ ਨਾਲ ਮਹੀਨਾਵਾਰੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਅਤੇ ਦਸੰਬਰ ਮਹੀਨੇ ਦੀਆਂ ਮਹੀਨਾਵਾਰੀ ਰਿਪੋਰਟਾਂ ਦਾ ਨਿਰੀਖਣ ਕਰਕੇ ਲੋੜੀਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਿਹਤ ਮੰਤਰੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਰੇ ਸਿਹਤ ਕੇਂਦਰਾਂ ਵਿੱਚ ਬਿਜਲੀ ਦੀ ਸਪਲਾਈ ਸਮੇਤ ਬੈਕ-ਅਪ 24 ਘੰਟੇ ਨਿਰਵਿਘਨ ਯਕੀਨੀ ਬਣਾਈ ਜਾਵੇ, ਸਿਹਤ ਸੇਵਾਵਾਂ ਜਨ-ਜਨ ਤੱਕ ਪਹੁੰਚਾਉਣ ਲਈ ਚੱਲ ਰਹੇ ਨੈਸ਼ਨਲ ਪ੍ਰੋਗਰਾਮਾਂ ਨੂੰ ਮੂਲ ਰੂਪ ਵਿੱਚ ਲਾਗੂ ਕੀਤਾ ਜਾਵੇ, ਆਭਾ.ਆਈ.ਡੀਜ਼ ਬਣਾਉਣ ਵਿੱਚ ਵਾਧਾ ਕੀਤਾ ਜਾਵੇ, ਕੋਟਪਾ ਦੀ ਉਲੰਘਣਾ ਵਾਲੇ ਦੁਕਾਨਦਾਰਾਂ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਵੱਖ-ਵੱਖ ਕੌਮੀ ਸਿਹਤ ਪ੍ਰੋਗਰਾਮਾਂ ਤਹਿਤ ਲੋਕਾਂ ਤੱਕ ਮਿਆਰੀ ਸਿਹਤ ਸੇਵਾਵਾਂ ਨੂੰ ਬਿਹਤਰ ਢੰਗ ਨਾਲ ਪਹੁੰਚਾਉਣਾ ਸਾਡੀ ਜਿੰਮੇਵਾਰੀ ਹੈ, ਇਸ ਲਈ ਇਸ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਮੀਟਿੰਗ ਦੌਰਾਨ ਹੈਲਥ ਐਂਡ ਵੈਲਨੇਸ ਸੈਂਟਰਜ਼, ਪੀ.ਐਚ.ਸੀਜ਼. ਅਤੇ ਆਮ ਆਦਮੀ ਕਲੀਨਿਕਾਂ ਦੀ ਆਯੁਸ਼ਮਾਨ ਆਰੋਗਯ ਕੇਂਦਰ ਵਿੱਚ ਹੋ ਰਹੀ ਰੀ-ਬ੍ਰਾਂਡਿੰਗ ਦੇ ਕੰਮ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੂਰਾ ਕਰਨ ’ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਰੂਟੀਨ ਇਮਊਨਾਈਜੇਸ਼ਨ ਦਾ ਟੀਚਾ ਹਾਸਲ ਕਰਨ ਲਈ 100 ਫੀਸਦੀ ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਰ ਪ੍ਰੋਗਰਾਮਾਂ ਦੇ ਨਿਰਧਾਰਤ ਟੀਚੇ ਸਮੇਂ ਸਿਰ ਪੂਰੇ ਕੀਤੇ ਜਾਣ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਜ਼ਿਲਾ ਸਿਹਤ ਤੇ ਪਰਿਵਾਰ ਭਲਾਈ ਅਫਸਰ ਡਾ ਦਲਜੀਤ ਕੌਰ, ਜਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ, ਜ਼ਿਲਾ ਪ੍ਰੋਗਰਾਮ ਮੈਂਨੇਜਰ ਡਾ ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ ਅਤੇ ਜਿਲਾ ਇਵੈਲੂਏਸ਼ਨ ਅਫਸਰ ਵਿੱਕੀ ਵਰਮਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ