ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਮਾਂਉਟ ਏਵਰੈਸਟ ਫਤਹਿ ਕਰਨ ਵਾਲੇ 54 ਸਾਲਾ ਮਲਕੀਤ ਸਿੰਘ ਦਾ ਬਸੀ ਪਠਾਣਾਂ ਵਿਖੇ ਆਪਣੇ ਬਚਪਨ ਦੇ ਸਕੂਲ ਹੌਲੀ ਹਾਰਟ ਵਿਚ ਆ ਕੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਉਹ ਸਕੂਲ ਪਹੁੰਚ ਕੇ ਭਾਵੁਕ ਹੋ ਗਿਆ ਜਿਥੇ ਛੋਟੇ ਬੱਚਿਆਂ ਨੇ ਗੁਲਦਸਤਾ ਅਤੇ ਫੁੱਲਾ ਦੀ ਵਰਖਾ ਕਰਕੇ ਉਸ ਦਾ ਭਰਵਾਂ ਸਵਾਗਤ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਿਲਾ ਬਾਰ ਐਸੋਸੀਏਸਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਪ੍ਰਿੰਸੀਪਲ ਸਿਮਰਦੀਪ ਕੌਰ ਅਤੇ ਬਾਬਾ ਜੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ਦੀ ਸਾਬਕਾ ਪ੍ਰਿੰਸੀਪਲ ਰਣਧੀਰ ਕੌਰ ਆਦਿ ਨੇ ਮਲਕੀਤ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਦਾ ਸਵਾਗਤ ਕਰਦੇ ਹੋਏ ਜੀ ਆਇਆ ਕਿਹਾ। ਐਡਵੋਕੇਟ ਧਾਰਨੀ ਨੇ ਸਵਾਗਤ ਕਰਦੇ ਹੋਏ ਖੁਸ਼ੀ ਪ੍ਰਗਟ ਕੀਤੀ ਕਿ ਇਸ ਸਕੂਲ ਦੇ ਪੁਰਾਣੇ ਵਿਦਿਆਰਥੀ ਨੇ ਉਹ ਉਚਾਈ ਹਾਸਲ ਕੀਤੀ ਜੋ ਹੋਰ ਬੱਚਿਆਂ ਨੂੰ ਜੀਵਨ ਦੀ ਉਡਾਣ ਦੇ ਸਫਰ ਵਿਚ ਪ੍ਰੇਰਣਾ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਇਕ ਵਿਦਿਆਰਥੀ ਨੇ ਮੰਜ਼ਿਲ ਹਾਸਲ ਕਰਕੇ ਸਕੂਲ ਦੇ ਨਾਂਅ ਅਤੇ ਮਾਣ ਵੀ ਵਧਾਇਆ ਹੈ। ਇਸ ਮੌਕੇ ਮਲਕੀਤ ਸਿੰਘ ਨੇ ਬਚਪਨ ਵਿਚ ਸੂਕਲ ਵਿਚ ਗੁਜ਼ਾਰੇ ਪਲਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਵੱਡੇ ਪਹਾੜ ਤੇ ਚੜਨ ਤੋਂ ਪਹਿਲਾਂ ਆਪਣੇ ਮਨ ਦਾ ਪਹਾੜ ਫਤਹਿ ਕਰਨਾ ਪੈਂਦਾ ਹੈ, ਜਿਸ ਦਾ ਡਰ ਖਤਮ ਹੋ ਗਿਆ ਉਹ ਇਨਸਾਨ ਕੋਈ ਵੀ ਟੀਚਾ ਹਾਸਲ ਕਰ ਸਕਦਾ ਹੈ। ਮਾਉਂਟ ਏਵਰੈਸਟ ਦੇ ਸਫਰ ਬਾਰੇ ਉਨ੍ਹਾਂ ਦੱਸਿਆ ਕਿ ਸਾਲ 2022 ਵਿਚ ਮਾਉਟ ਏਵਰੈਸਟ ‘ਤੇ ਨਿਸ਼ਾਨ ਸਾਹਿਬ ਲਹਿਰਾਉਣ ਦਾ ਵਿਚਾਰ ਆਇਆ ਸੀ। ਉਸ ਨੇ ਆਪਣਾ ਸਫਰ 10 ਅਪ੍ਰੈਲ 2024 ਨੂੰ ਸ਼ਰੂ ਕੀਤਾ ਅਤੇ 27 ਮਈ ਨੂੰ ਟੀਚਾ ਹਾਸਲ ਕੀਤਾ। ਇਸ ਟੀਚੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ 43 ਦਿਨ ਲੱਗੇ। ਉਸ ਨੇ ਦੱਸਿਆ ਕਿ ਮੌਸਮ ਦੇ ਖਰਾਬ ਹੋਣ ਕਾਰਨ ਉਸ ਨੂੰ 6 ਦਿਨ ਵਾਧੂ ਗੁਜ਼ਾਰਨੇ ਪਏ ਜਿਥੇ ਉਸ ਨੇ ‘ਵਾਹਿਗੁਰੂ ਦੇ ਨਾਮ’ ਦਾ ਸਿਮਰਨ ਅਤੇ ਸਕੂਲ ਅਤੇ ਹੋਰ ਯਾਦਾਂ ਯਾਦ ਸਮਾਂ ਬਿਤਾਇਆ। ਇਸ ਮੌਕੇ ਰਿਟ. ਗਰੁੱਪ ਕੈਪਟਨ ਹਰਜੱਸ ਸਿੰਘ ਬੈਂਸ, ਕਮਲਜੀਤ ਸਿੰਘ ਲੋਚਨ, ਰਾਜਬੀਰ ਸਿੰਘ ਅਸਟ੍ਰੇਲੀਆ, ਰੁਪਿੰਦਰ ਸਿੰਘ ਇੰਗਲੈਂਡ, ਗੁਰਪ੍ਰੀਤ ਸਿੰਘ, ਜਗਬੀਰ ਸਿੰਘ ਅਤੇ ਮਨਮੋਹਨ ਸਿੰਘ ਆਦਿ ਮੌਜੂਦ ਸਨ। ਸ੍ਰੀ ਮਲਕੀਤ ਸਿੰਘ ਨੂੰ ਇਸ ਮੌਕੇ ‘ਬਾਜ’ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
*ਫੋਟੋ ਕੈਪਸ਼ਨ: ਸਕੂਲ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਹੋਰ ਮਲਕੀਤ ਸਿੰਘ ਦਾ ਸਨਮਾਨ ਕਰਦੇ ਹੋਏ।*