
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਅੱਜ ਦੇ ਵਿਗਿਆਨਿਕ ਯੁੱਗ ਵਿੱਚ ਕੈਂਸਰ ਨਾ ਮੁਰਾਦ ਜਾਂ ਲਾ-ਇਲਾਜ ਬਿਮਾਰੀ ਨਹੀਂ ਇਸ ਦਾ ਇਲਾਜ ਸੰਭਵ ਹੈ, ਬਸਰਤੇ ਕਿ ਮਰੀਜ਼ ਨੂੰ ਇਸਦਾ ਸਹੀ ਸਮੇਂ ਤੇ ਪਤਾ ਲੱਗ ਜਾਵੇ ਅਤੇ ਇਸਦਾ ਸਹੀ ਇਲਾਜ ਮਿਲ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਜਿਲਾ ਹਸਪਤਾਲ ਤੋਂ ‘ਵਿਸ਼ਵ ਕੈਂਸਰ ਦਿਵਸ’ ਦੇ ਮੌਕੇ ਤੇ ਕੈਂਸਰ ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਦੁਨੀਆਂ ਦੀ ਅਜਿਹੀ ਦੂਜੀ ਬਿਮਾਰੀ ਹੈ ਜਿਸ ਕਾਰਨ ਸਭ ਤੋਂ ਵੱਧ ਲੋਕ ਮਰ ਰਹੇ ਹਨ ਇਸ ਲਈ ਜਾਗਰੂਕ ਹੋ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ‘ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼’ ਤਹਿਤ 1.50 ਲੱਖ ਰੁਪਏ ਦੇ ਇਲਾਜ ਦੀ ਸੁਵਿਧਾ ਬਾਰੇ ਜਾਣਕਾਰੀ ਦਿੱਤੀ। ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ ਨੇ ਦੱਸਿਆ ਕਿ ਛਾਤੀ ਵਿੱਚ ਗਿਲਟੀ, ਲਗਾਤਾਰ ਖੰਘ, ਆਵਾਜ਼ ਵਿੱਚ ਭਾਰੀਪਣ, ਮਹਾਵਾਰੀ ਦੌਰਾਨ ਖੂਨ ਦਾ ਜਿਆਦਾ ਪੈਣਾ ਜਾਂ ਮਹਾਂਵਾਰੀ ਤੋਂ ਬਿਨਾਂ ਖੂਨ ਦਾ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਅਲਸਰ ਆਦਿ ਕੈਂਸਰ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਛਾਤੀ, ਕੋਲਨ, ਪਰੋਸਟੈਟ, ਪੇਟ, ਜਿਗਰ, ਚਮੜੀ, ਮੂੰਹ, ਗਰਦਨ, ਗਲੇ, ਬੱਚੇਦਾਨੀ, ਸਰਵਾਈਕਲ, ਗੁਰਦੇ, ਯੋਨੀ, ਦਿਮਾਗ, ਥਾਈਰਾਈਡ, ਬਲੱਡ, ਅੱਖਾਂ ਅਤੇ ਰੀਡ ਦੀ ਹੱਡੀ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦਾ ਕੈਂਸਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਸਿਗਰਟ, ਪਾਨ, ਤੰਬਾਕੂ ,ਖੈਣੀ, ਗੁਟਕਾ ਅਤੇ ਸ਼ਰਾਬ ਆਦਿ ਦੀ ਵਰਤੋਂ ਕਰਕੇ ਜਿਆਦਾ ਕੀਟ ਨਾਸ਼ਕ ਸਪਰੇਅ ਕਰਨ ਨਾਲ, ਮੋਟਾਪਾ ਅਤੇ ਮਿਲਾਵਟ ਵਾਲੀਆਂ ਚੀਜ਼ਾਂ ਦੇ ਖਾਣ ਨਾਲ ਹੋ ਸਕਦਾ ਹੈ। ਇਸ ਲਈ ਜਾਗਰੂਕ ਹੋ ਕੇ, ਜੀਵਨ ਸੈਲੀ ਵਿੱਚ ਤਬਦੀਲੀ ਲਿਆ ਕੇ ਅਤੇ ਸਮੇਂ ਸਮੇਂ ਤੇ ਆਪਣੀ ਡਾਕਟਰੀ ਜਾਂਚ ਕਰਵਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਚਮੜੀ ਦੇ ਮਾਹਰ ਡਾ ਹਰਪ੍ਰੀਤ ਕੌਰ, ਡੀਪੀਐਮ ਡਾ ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਅਪਥਲਮਿਕ ਅਫਸਰ ਜੋਂਟੀ ਵਿੱਜ਼ , ਨਾਨ ਮੈਡੀਕਲ ਸੁਪਰਵਾਈਜ਼ਰ ਜਸਵਿੰਦਰ ਕੌਰ ਅਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਕੈਂਸਰ ਜਾਗਰੂਕਤਾ ਪੋਸਟਰ ਜਾਰੀ ਕਰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਅਤੇ ਹੋਰ।*