ਡਿਪਟੀ ਕਮਿਸਨਰ ਵਲੋਂ ਮਾਰਕ ਹੋਏ 3 ਪੱਤਰਾਂ ਨੂੰ ਵੀ ਟਿੱਚ ਸਮਝਦੇ ਹਨ ਹੇਠਲੇ ਅਧਿਕਾਰੀ
ਜਨਵਰੀ 7(ਜਗਜੀਤ ਸਿੰਘ )ਉਘੇ ਸਮਾਜ ਸੇਵੀ ਪ੍ਰੋਫ਼ੈਸਰ ਧਰਮਜੀਤ ਸਿੰਘ ਜਲਵੇੜ੍ਹਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਿਹਾ ਕਿ ਪਿੰਡ ਜਲਵੇੜ੍ਹਾ ਦੇ ਸਮਸਾਨਘਾਟ ਵਿਚ ਸਥਿੱਤ ਇਕ ਟੋਏ ਵਿਚ ਸੀਵਰੇਜ਼ ਦਾ ਪਾਣੀ ਪੈਦਾ ਹੈ ਜੋਂ ਕਿ ਟੁੱਟ ਕੇ ਨਜਦੀਕੀ ਖੇਤਾਂ ਵਿਚ ਹੜ੍ਹ ਦੀ ਤਰ੍ਹਾਂ ਜਾ ਵਗਦਾ ਹੈ ਜਿਸ ਕਾਰਣ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਸ ਨੇ ਦਸਿਆ ਕਿ ਇਸ ਸਬੰਧੀ ਉਸ ਨੇ ਡਿਪਟੀ ਕਮਿਸਨਰ ਦਫ਼ਤਰ ਨੂੰ 3 ਪੱਤਰ ਭੇਜੇ ਜੋਂ ਮਾਰਕ ਹੋ ਕੇ ਅੱਗੇ ਕਾਰਵਾਈ ਲਈ ਭੇਜੇ ਗਏ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪੋਣੇ ਦੋ ਸਾਲ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਸਬੰਧਤ ਵਿਭਾਗਾ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਨੇ ਦਸਿਆ ਕਿ ਪਹਿਲਾ ਪੱਤਰ ਉਸ ਨੇ 31 ਮਈ 2024 ਨੂੰ ਦਿਤਾ ਜੋਂ ਨੰਬਰ 557/ਫਲੱਡ ਨੂੰ ਉਸੇ ਦਿਨ ਕਾਰਵਾਈ ਲਈ ਭੇਜ ਦਿਤਾ, ਜੁਲਾਈ ਵਿਚ ਉਸਨੇ ਮੁੜ ਇਕ ਪੱਤਰ ਦਿਤਾ ਅਤੇ ਕਿਹਾ ਕਿ ਜੇਕਰ ਟੋਏ ਦਾ ਬੰਨ ਟੁੱਟ ਗਿਆ ਤਾਂ ਫ਼ਸਲਾਂ ਦਾ ਨੁਕਸਾਨ ਹੋ ਜਾਵੇਗਾ ਜਿਸ ਨੂੰ ਉਨ੍ਹਾਂ 968/ਫਲੱਡ ਮਿਤੀ 16.7.24 ਰਾਹੀ ਕਾਰਵਾਈ ਲਈ ਮਾਰਕ ਕਰ ਦਿਤਾ ਪ੍ਰੰਤੂ ਕਾਰਵਾਈ ਨਾ ਹੋਣ ਕਾਰਣ ਉਸ ਨੇ ਅਕਤੂਬਰ ਮਹੀਨੇ ਵਿਚ ਮੁੜ ਪੱਤਰ ਦਿਤਾ ਜਿਸ ਨੂੰ ਉਨ੍ਹਾਂ ਨੰਬਰ 1369/ਫਲੱਡ ਮਿਤੀ 14.10.24 ਨੂੰ ਕਾਰਵਾਈ ਲਈ ਭੇਜ ਦਿਤਾ। ਉਸ ਨੇ ਦਸਿਆ ਕਿ ਪੋਣੇ ਦੋ ਸਾਲ ਬਾਅਦ ਇਸ ਮਹੀਨੇ ਫ਼ਰਵਰੀ ਵਿਚ ਉਨ੍ਹਾਂ ਪਾਸ ਹਲਕਾ ਪਟਵਾਰੀ ਆਇਆ ਜਿਸ ਨੇ ਦਸਿਆ ਕਿ ਡਿਪਟੀ ਕਮਿਸਨਰ ਦਫ਼ਤਰ ਵਲੋਂ ਉਸ ਨੂੰ ਯਾਦ ਪੱਤਰ ਭੇਜ ਕੇ 3 ਪੱਤਰਾਂ ‘ਤੇ ਹੋਈ ਕਾਰਵਾਈ ਦਾ ਵੇਰਵਾ ਮੰਗਿਆ ਹੈ ਜਦੋ ਕਿ ਉਸ ਨੂੰ ਇਨ੍ਹਾਂ ਵਿਚੋ ਕੋਈ ਵੀ ਪੱਤਰ ਨਹੀਂ ਮਿਲਿਆ। ਪ੍ਰੋਫ਼ੈਸਰ ਜਲਵੇੜ੍ਹਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਡਿਪਟੀ ਕਮਿਸਨਰ ਦਫ਼ਤਰ ਵਲੋਂ ਨੰਬਰ ਲਗਾ ਕੇ ਭੇਜੇ 3 ਪੱਤਰ ਕਿਸ ਵਿਭਾਗ ਨੇ ਕਿਥੇ ਗਾਇਬ ਕੀਤੇ ਇਹ ਵੱਡਾ ਚਿੰਤਾ ਦਾ ਵਿਸ਼ਾ ਹੈ ਅਤੇ ਪ੍ਰਸਾਸ਼ਨ ਦੀ ਕਾਰਗੁਜਾਰੀ ਤੇ ਸਵਾਲੀਆ ਚਿੰਨ ਲਗਾ ਰਿਹਾ ਹੈ। ਉਨ੍ਹਾਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਦੀ ਮੰਗ ਕਰਦਿਆ ਇਨਸਾਫ਼ ਦੀ ਮੰਗ ਕੀਤੀ।
*ਫ਼ੋਟੋ ਕੈਪਸਨ: ਪ੍ਰੋਫ਼ੈਸਰ ਧਰਮਜੀਤ ਸਿੰਘ ਜਲਵੇੜ੍ਹਾ।*