
ਫ਼ਤਹਿਗੜ੍ਹ ਸਾਹਿਬ, 26 ਫਰਵਰੀ-(ਅਜੇ ਕੁਮਾਰ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਂਡਨੈੱਸ ਤਹਿਤ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਵੱਲੋਂ ਜਿਲੇ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲਾ ਵਿੱਚ ਮੈਡੀਕਲ ਟੀਮਾਂ ਭੇਜ ਕੇ ਸਕੂਲੀ ਬੱਚਿਆਂ ਦੀ ਸਰੀਰਕ ਜਾਂਚ ਕਰਵਾਈ ਜਾ ਰਹੀ ਹੈ ਜਿਸ ਦੌਰਾਨ ਬਿਮਾਰੀ ਤੋਂ ਪੀੜਤ ਪਾਏ ਜਾਣ ਵਾਲੇ ਬੱਚਿਆਂ ਨੂੰ ਸਰਕਾਰੀ ਸਿਹਤ ਕੇਂਦਰਾਂ ਵਿੱਚ ਰੈਫਰ ਕਰਕੇ ‘ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ’ ਤਹਿਤ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਕਮਜ਼ੋਰ ਨਜ਼ਰ ਵਾਲੇ ਵਿਦਿਆਰਥੀਆਂ ਨੂੰ ਮੁਫਤ ਐਨਕਾਂ ਦਿਤੀਆਂ ਜਾ ਰਹੀਆਂ ਹਨ। ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਅਪਥਾਲਮਿਕ ਅਫਸਰ ਜੋਂਟੀ ਵਿੱਜ਼ ਦੁਆਰਾ ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਇਸ ਜਾਂਚ ਦੌਰਾਨ 20 ਵਿਦਿਆਰਥੀਆਂ ਦੀ ਨਜ਼ਰ ਘੱਟ ਪਾਈ ਗਈ ਜਿਨ੍ਹਾਂ ਨੂੰ ਐਨਕਾਂ ਮੁਫਤ ਦਿਤੀਆਂ ਗਈਆਂ। ਉਨ੍ਹਾਂ ਬੱਚਿਆਂ ਨੂੰ ਸਿਹਤ ਸਬੰਧੀ ਜਾਗਰੂਕ ਵੀ ਕੀਤਾ ਅਤੇ ਕਿਹਾ ਕਿ ਸਰੀਰ ਦੀ ਤੰਦਰੁਸਤੀ ਲਈ ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਅਤੇ ਨਿਗਾ ਨੂੰ ਬਰਕਰਾਰ ਰੱਖਣ ਲਈ ਆਪਣੇ ਭੋਜਨ ਵਿੱਚ ਵਿਟਾਮਿਨ ਏ ਭਰਪੂਰ ਫਲ, ਅੰਬ, ਪਪੀਤਾ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਗਾਜਰ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਲੋੜ ਤੋਂ ਵੱਧ ਮੋਬਾਈਲ ਫੋਨ, ਕੰਪਿਊਟਰ, ਟੀਵੀ ਆਦਿ ਦੀ ਵਰਤੋਂ ਨਾ ਕਰਨ ਦੀ ਵੀ ਗੱਲ ਆਖੀ। ਇਸ ਮੌਕੇ ਪ੍ਰਿੰਸੀਪਲ ਰੀਤਾ ਰਾਣੀ, ਅਪਥਾਲਮਿਕ ਅਫਸਰ ਜੋਂਟੀ ਵਿੱਜ਼, ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਅਨੀਤਾ ਸ਼ਰਮਾ, ਸੁਨੀਲ ਗੋਲਡੀ ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸਕੂਲੀ ਬੱਚਿਆਂ ਨੂੰ ਐਨਕਾਂ ਵੰਡਦੇ ਹੋਏ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ।*