ਕਿਹਾ: ਭਾਜਪਾ ਨੂੰ ਦਲਿਤ ਵਿਰੋਧੀ ਦੱਸਣ ਵਾਲੇ ਆਪਣੇ ਗਿਰੇਬਾਨ ‘ਚ ਝਾਤੀ ਮਾਰਨ ਕਿ ਉਹ ਦਲਿਤ ਹਿਤੈਸ਼ੀ ਹਨ ਜਾਂ ਵਿਰੋਧੀ
ਅਮਲੋਹ, 26 ਫਰਵਰੀ-(ਅਜੇ ਕੁਮਾਰ)
ਆਮ ਆਦਮੀ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਵੱਲੋਂ ਮੁੱਖ ਮੰਤਰੀ ਦਫ਼ਤਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਹਟਾਉਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਉਤੇ ਦਲਿਤ ਵਿਰੋਧੀ ਹੋਣ ਦੇ ਦੋਸ ਲਗਾ ਕੇ ਮਹਿਜ਼ ਸਿਆਸੀ ਰੋਟੀਆਂ ਸੇਕਣ ਦਾ ਮੰਦਭਾਗਾ ਯਤਨ ਕੀਤਾ ਜਾ ਰਿਹਾ ਹੈ ਜੋਂ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਕਾਰਜਕਾਰਣੀ ਮੈਂਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਨੇ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਉਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਉਹ ਬਾਬਾ ਸਾਹਿਬ ਦੀ ਤਸਵੀਰ ਹਟਾਉਣ ਨੂੰ ਲੈ ਕੇ ਭਾਜਪਾ ਨੂੰ ਦਲਿਤ ਵਿਰੋਧੀ ਹੋਣ ਦੀ ਗੱਲ ਕਰ ਰਹੇ ਹਨ ਪਰ ਉਹ ਦੱਸਣ ਕਿ ਤਿੰਨ ਸਾਲਾਂ ਦੇ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਦਲਿਤ ਸਮਾਜ ਵਿਚੋਂ ਉਪ ਮੁੱਖ ਮੰਤਰੀ ਕਿਉਂ ਨਹੀਂ ਲਗਾਇਆ ਗਿਆ ਅਤੇ ਨਾ ਹੀ ਹਲੇ ਤੱਕ ਐਸਸੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਤਿਸ਼ੀ ਜੀ ਨੂੰ ਫੋਕੀ ਬਿਆਨਬਾਜ਼ੀ ਕਰਨ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਸ਼ਟਰਪਤੀ ਵੀ ਅਨੁਸੂਚਿਤ ਜਨਜਾਤੀ ਸਮਾਜ ਵਿਚੋਂ ਹੈ ਅਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ ਅਨੁਸੂਚਿਤ ਜਾਤੀ ਵਿਚੋਂ ਹੀ ਸਨ।
*ਫੋਟੋ ਕੈਪਸ਼ਨ: ਸੁਖਵਿੰਦਰ ਸਿੰਘ ਸੁੱਖੀ*