ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਜ਼ਿਲ੍ਹਾ ਬਾਰ ਐਸੋੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਅੱਜ ਇਥੇ ਇਕ ਬਿਆਨ ਵਿਚ ਕਿਹਾ ਕਿ ਆਪਣੇ ਆਪ ਨੂੰ ਮੋਰਚਿਆਂ ਚੋਂ ਨਿਕਲੀ ਹੋਈ ਪਾਰਟੀ ਕਹਾਉਣ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਦੀ ਘਰੋ ਗ੍ਰਿਫ਼ਤਾਰੀਆਂ ਸੁਰੂ ਕਰ ਦਿਤੀਆਂ ਜਿਸ ਦੀ ਉਨ੍ਹਾਂ ਸਖਤ ਨਿੰਦਾ ਕਰਦੇ ਹੋਏ ਦੋਸ਼ ਲਾਇਆ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਪੀਏ ਨੇ ਫੋਨ ਦਿਤਾ ਤਾਂ ਮੁੱਖ ਮੰਤਰੀ ਨੇ ਕਿਸਾਨ ਲੀਡਰਾਂ ਨੂੰ ਅਪਸ਼ਬਦ ਬੋਲੇ। ਉਨ੍ਹਾਂ ਕਿਹਾ ਕਿ ਇਕ ਪਾਸੇ ਮੁਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਕਿਸਾਨ ਦਿਲੀ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਉਂ ਰੋਕਿਆ ਗਿਆ ਉਨ੍ਹਾਂ ਦਾ ਹੱਕ ਹੈ ਪ੍ਰੰਤੂ ਹੁਣ ਉਨ੍ਹਾਂ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਅਦਿਆਂ ‘ਤੇ ਇਨ੍ਹਾਂ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਸੀ ਉਸ ਦਾ ਕੋਈ ਜਵਾਬ ਨਹੀਂ ਅਤੇ ਲੋਕ ਤਰਾਹੀਮਾਨ ਤਰਾਹੀਮਾਨ ਕਰ ਰਹੇ ਹਨ, ਹਰ ਪਾਸੇ ਧਰਨੇ ਮੁਜ਼ਾਹਰੇ ਹੋ ਰਹੇ ਹਨ, ਹੱਕ ਮੰਗਦੇ ਤਹਿਸੀਲਦਾਰਾਂ ਨੂੰ ਸਸਪੈਡ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਹੱਕ ਵਿਚ ਕਾਨੂੰਗੋ, ਪਟਵਾਰੀ ਅਤੇ ਕਲਰਕ ਵੀ ਸਮੂਹਿਕ ਛੁੱਟੀ ਉਪਰ ਚਲੇ ਗਏ ਹਨ। ਉਨ੍ਹਾਂ ਮੁਖ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਦੀਆਂ ਲੋੜਾਂ ਨੂੰ ਹਮਦਰਦੀ ਨਾਲ ਵਿਚਾਰ ਕੇ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਸਾਰਾ ਕੁਝ ਕੇਦਰ ਦੀ ਭਾਜਪਾ ਸਰਕਾਰ ਦੇ ਇਸਾਰੇ ਤੇ ਜਾਂ ਕੇਜਰੀਵਾਲ ਦਾ ਹੁਸਿਆਰਪੁਰ ਵਿਚ ਬਿਪਾਸਨਾ ਦੌਰਾਨ ਉਨ੍ਹਾਂ ਦੇ ਇਸਾਰੇ ਤੇ ਹੋ ਰਿਹਾ ਹੈ। ਉਨ੍ਹਾਂ ਮੀਟਿੰਗ ਦੌਰਾਨ ਆਏ ਫ਼ੋਨ ਬਾਰੇ ਵੀ ਸਪਸਟੀਕਰਨ ਦੀ ਮੰਗ ਕੀਤੀ।
ਫ਼ੋਟੋ ਕੈਪਸਨ: ਐਡਵੋਕੇਟ ਅਮਰਦੀਪ ਸਿੰਘ ਧਾਰਨੀ