
*ਜਿਲ੍ਹਾ ਪੁਲਿਸ ਨੇ ਲੁੱਟਾਂ ਖੋਹਾਂ ਵਾਲਾ ਗੈਂਗ ਮਾਰੂ ਹਥਿਆਰਾਂ ਸਮੇਤ ਕੀਤਾ ਕਾਬੂ*
ਫ਼ਤਹਿਗੜ੍ਹ ਸਾਹਿਬ, ਮਾਰਚ 12 (ਜਗਜੀਤ ਸਿੰਘ) ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਡੀਐਸਪੀ ਨਿਖਿਲ ਗਰਗ ਦੀਆਂ ਹਦਾਇਤਾਂ ਉਪਰ ਸੀਆਈਏ ਸਰਹਿੰਦ ਦੇ ਇੰਚਾਰਜ਼ ਅਮਰਬੀਰ ਸਿੰਘ ਦੀ ਟੀਮ ਵੱਲੋਂ ਪਿਸਤੌਲ ਅਤੇ ਮਾਰੂ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ। ਕਪਤਾਨ ਪੁਲੀਸ (ਜਾਂਚ) ਰਾਕੇਸ਼ ਯਾਦਵ ਨੇ ਦਸਿਆ ਕਿ 10 ਮਾਰਚ ਨੂੰ ਸੀਆਈਏ ਟੀਮ ਨੇ ਅਨਾਜ ਮੰਡੀ ਸਰਹਿੰਦ ਦੇ ਇਲਾਕੇ ਵਿੱਚੋਂ ਬਲਜਿੰਦਰ ਸਿੰਘ ਉਰਫ ਬੱਲੀ ਵਾਸੀ ਪਿੰਡ ਘੁੰਡਰ ਥਾਣਾ ਭਾਦਸੋਂ, ਅਭਿਸ਼ੇਕ ਕੁਮਾਰ ਵਾਸੀ ਅਮਲੋਹ, ਸਿਮਰਨਜੀਤ ਸਿੰਘ ਉਰਫ ਕਾਲੀ ਵਾਸੀ ਅਮਲੋਹ, ਅਜੇ ਵਾਸੀ ਪਿੰਡ ਭਗਵਾਨਪੁਰ ਥਾਣਾ ਅਮਲੋਹ ਅਤੇ ਯਾਦਵਿੰਦਰ ਸਿੰਘ ਉਰਫ ਯਾਦ ਵਾਸੀ ਜੱਸੜਾ ਥਾਣਾ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ .32 ਬੋਰ ਦੀ ਪਿਸਤੌਲ, ਲੋਹੇ ਦਾ ਗੰਡਾਸਾ, ਲੋਹੇ ਦਾ ਦਾਤ, ਇੱਕ ਸਰੀਆ ਅਤੇ ਬਾਂਸ ਦਾ ਡੰਡਾ ਬਰਾਮਦ ਕੀਤਾ ਹੈ ਅਤੇ ਇਨ੍ਹਾਂ ਖਿਲਾਫ ਧਾਰਾ 310(4),310(5),111,317(2) ਬੀਐਨਐਸ ਅਤੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆਂ ਕਿ ਉਹ ਰਾਤ ਸਮੇਂ ਹਥਿਆਰਾਂ ਦੀ ਨੋਕ ‘ਤੇ ਰਾਹਗੀਰਾਂ ਤੋਂ ਲੁੱਟਾਂ ਖੋਹਾਂ ਕਰਦੇ ਹਨ ਅਤੇ ਬੰਦ ਫੈਕਟਰੀਆਂ ਵਿੱਚ ਚੋਰੀਆਂ ਕਰਦੇ ਹਨ। ਪੁਲਿਸ ਨੇ ਮੌਕੇ ‘ਤੇ ਹੀ ਇਨ੍ਹਾਂ ਪਾਸੋਂ ਦੋ ਮੋਟਰ ਸਾਇਕਲ ਹੀਰੋ ਡੀਲਕਸ ਨੰਬਰ ਪੀਬੀ-1217-5259 ਅਤੇ ਹੀਰੋ ਸਪਲੈਂਡਰ ਜਿਸ ਦਾ ਨੰਬਰ ਨਹੀਂ ਬਰਾਮਦ ਕੀਤੇ ਅਤੇ ਇਨ੍ਹਾਂ ਦੀ ਸਨਾਖਤ ‘ਤੇ ਇੱਕ ਹੋਰ ਹੀਰੋ ਸਪਲੈਂਡਰ ਮੋਟਰ ਸਾਇਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪੁਲੀਸ ਰੀਮਾਂਡ ਲੈ ਕੇ ਹੋਰ ਪੁਛਗਿਛ ਜਾਰੀ ਹੈ ਅਤੇ ਪਹਿਲਾ ਵੀ ਇਨ੍ਹਾਂ ਖਿਲਾਫ਼ ਕਈ ਥਾਨਿਆਂ ਵਿਚ ਮੁਕਦਮੇ ਦਰਜ਼ ਹਨ।
ਫੋਟੋ ਕੈਪਸ਼ਨ: ਕਪਤਾਨ ਪੁਲੀਸ ਰਾਕੇਸ਼ ਯਾਦਵ ਪੁਲੀਸ ਟੀਮ ਸਮੇਤ ਕਾਬੂ ਕੀਤੇ ਦੋਸ਼ੀਆ ਸਮੇਤ ਜਾਣਕਾਰੀ ਦਿੰਦੇ ਹੋਏ।