
ਅਕਾਲੀਆਂ ਨੇ ਆਪਣੇ ਨਿੱਜੀ ਸਵਾਰਥ ਲਈ ਸਿੱਖ ਮਰਿਆਦਾ ਦਾ ਘਾਣ ਕੀਤਾ-ਰਾਏ
ਫਤਿਹਗੜ੍ਹ ਸਾਹਿਬ,( ਅਜੇ ਕੁਮਾਰ)
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤਾਂ ਦੇ ਜਥੇਦਾਰਾਂ ਨੂੰ ਹਟਾਇਆ ਗਿਆ ਇਹ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਅਤੇ ਸਿੱਖ ਇਤਿਹਾਸ ਦੇ ਵਿੱਚ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਭ ਤੋਂ ਉੱਪਰ ਮੰਨਿਆ ਜਾਂਦਾ ਸੀ ਅਤੇ ਉਥੇ ਦਾ ਫ਼ੁਰਮਾਨ ਹਰ ਸਿੱਖ ਸਿਰ ਮੱਥੇ ਪ੍ਰਵਾਨ ਕਰਦਾ ਸੀ ਪ੍ਰੰਤੂ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਆਪਣੇ ਸਵਾਰਥ ਲਈ ਵਰਤ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਮੋਹ ਭੰਗ ਹੋਇਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਪੁਸ਼ਤ ਪਨਾਹੀ ਕਰਨਾ, ਨਿੱਜੀ ਪਰਿਵਾਰਾਂ ਨੂੰ ਲਾਭ ਦੇਣਾ, ਅਕਾਲ ਤਖਤ ਸਾਹਿਬ ਦੇ ਹੁਕਮ ਦੀ ਘੋਰ ਉਲੰਘਣਾ ਹੈ। ਜਥੇਦਾਰ ਸਾਹਿਬਾਨਾਂ ਵੱਲੋਂ ਜੋ ਵੀ ਫੈਸਲਾ ਦਿੱਤਾ ਗਿਆ ਸੀ ਉਹ ਅਕਾਲ ਤਖਤ ਦੀ ਮਰਿਆਦਾ ਅਨੁਸਾਰ ਦਿੱਤਾ ਗਿਆ ਸੀ, ਉਸ ਫੈਸਲੇ ਦੇ ਮੱਦੇ ਨਜ਼ਰ ਜਥੇਦਾਰ ਸਾਹਿਬਾਨਾਂ ਨੂੰ ਅਹੁਦਿਆਂ ਤੋਂ ਹਟਾਉਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਸਾਂਝੇ ਤੌਰ ਤੇ ਲੰਬਾ ਸਮਾਂ ਰਾਜ ਕੀਤਾ ਅਤੇ ਨਾਲ ਹੀ ਅਕਾਲੀ ਦਲ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਕਬਜ਼ਾ ਰੱਖਿਆ। ਗੁਰੂ ਘਰਾਂ ਨੂੰ ਧਾਰਮਿਕ ਸੰਸਥਾਵਾਂ ਰਹਿਣ ਦੀ ਬਜਾਏ ਰਾਜਨੀਤਿਕ ਅੱਡੇ ਬਣਾ ਦਿੱਤਾ। ਧਰਮ ਪ੍ਰਚਾਰ ਕਰਨ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਛੜ ਗਈ ਅਤੇ ਪੰਜਾਬ ਦੇ ਬਹੁਤ ਸਾਰੇ ਲੋਕ ਦੂਸਰੇ ਧਰਮਾਂ ਵਿੱਚ ਸ਼ਾਮਿਲ ਹੋਣ ਲੱਗ ਗਏ। ਪੰਜਾਬ ਦੇ ਲੋਕਾਂ ਦਾ ਡੇਰਿਆਂ ਵੱਲ ਮੁੱਖ ਕਰਨਾ ਅਤੇ ਗੁਰੂ ਘਰਾਂ ਤੋਂ ਮੁੱਖ ਮੋੜਨਾ ਇਹ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਵੱਡੀ ਨਲਾਇਕੀ ਹੈ।
ਫੋਟੋ ਕੈਪਸ਼ਨ: ਐਡਵੋਕੇਟ ਲਖਬੀਰ ਸਿੰਘ ਰਾਏ।