
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਛਰਾਏ ਖੁਰਦ ‘ਚ ਨਸ਼ਾ ਤਸੱਕਰ ਦਾ ਪੰਚਾਇਤੀ ਜਗਾਂ ‘ਚੋ ਮਕਾਨ ਢਾਹਿਆ
ਮੁਲਜ਼ਮ ਖਿਲਾਫ ਦਰਜ ਹਨ ਐਨਡੀਪੀਐੱਸ ਦੇ 4 ਅਤੇ ਇਰਾਦਾ ਕਤਲ ਦਾ 1 ਪਰਚਾ
ਅਮਲੋਹ(ਅਜੇ ਕੁਮਾਰ)
ਪੰਜਾਬ ਸਰਕਾਰ ਵੱਲੋਂ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਸੂਬੇ ਨੂੰੰ ਨਸ਼ਾ ਮੁਕਤ ਕਰਨ ਲਈ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜਾਰੀ ਹੈ ਜਿਸ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੀ ਅਗਵਾਈ ਵਿੱਚ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪਿੰਡ ਮਛਰਾਏ ਖੁਰਦ ਵਿਖੇ ਨਸ਼ਾ ਤਸਕਰ ਵੱਲੋਂ ਪੰਚਾਇਤੀ ਜ਼ਮੀਨ ‘ਤੇ ਉਸਾਰੇ ਜਾ ਰਹੇ ਨਜਾਇਜ਼ ਮਕਾਨ ਨੂੰ ਢਾਹਿਆ ਗਿਆ। ਸ੍ਰੀ ਅਗਰਵਾਲ ਨੇ ਦੱਸਿਆ ਕਿ ਹਰਜੀਤ ਸਿੰਘ ਉਰਫ ਬਿੱਲਾ ਖਿਲਾਫ ਐਨਡੀਪੀਐੱਸ ਦੇ 4 ਅਤੇ ਇਰਾਦਾ ਕਤਲ ਦਾ 1 ਪਰਚਾ ਦਰਜ ਹੈ ਅਤੇ ਇਸ ਦੇ ਪ੍ਰੀਵਾਰਕ ਮੈਬਰਾਂ ਖਿਲਾਫ਼ ਵੀ ਪਰਚੇ ਦਰਜ਼ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਉਨ੍ਹਾਂ ਦੀ ਸਰਕਾਰ ਮਦਦ ਕਰੇਗੀ ਅਤੇ ਉਹ ਸਰਕਾਰੀ ਨਸ਼ਾ ਛੁੜਾਊ ਅਤੇ ਮੁੜ ਵਸੇਵਾ ਕੇਂਦਰਾ ਦਾ ਲਾਭਲੈ ਸਕਦੇ ਹਨ ਜਿਥੇ ਦੋ ਮਹੀਨਿਆਂ ਵਿੱਚ 80 ਨੌਜਵਾਨ ਨਸ਼ੇ ਛੱਡਣ ਲਈ ਅੱਗੇ ਆਏ ਹਨ ਜਿਨ੍ਹਾਂ ਦਾ ਇਲਾਜ਼ ਜਾਰੀ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸਪੀ (ਜਾਂਚ) ਰਾਕੇਸ਼ ਯਾਦਵ, ਐੱਸਡੀਐਮ ਅਮਲੋਹ ਚੇਤਨ ਬੰਗੜ, ਬੀਡੀਪੀਓ ਮੋਹਿਤ ਕਲਿਆਣ, ਡੀਐਸਪੀ ਅਮਲੋਹ ਗੁਰਦੀਪ ਸਿੰਘ, ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁੱਖ ਅਫਸਰ ਇੰਸਪੈਕਟਰ ਅਰਸ਼ਦੀਪ ਸ਼ਰਮਾ ਅਤੇ ਥਾਣਾ ਅਮਲੋਹ ਦੇ ਮੁੱਖੀ ਇੰਸਪੈਕਟਰ ਪਵਨ ਕੁਮਾਰ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਪੁਲੀਸ ਅਧਿਕਾਰੀ ਮੌਕੇ ‘ਤੇ ਵਿਚਾਰਾਂ ਕਰਦੇ ਹੋਏ।
ਫ਼ੋਟੋ ਕੈਪਸਨ: ਮਛਰਾਏ ਖੁਰਦ ‘ਚ ਨਜਾਇਜ ਮਕਾਨ ਢਾਹੇ ਜਾਣ ਦਾ ਦ੍ਰਿਸ਼।