ਮੰਡੀਆਂ ਅਤੇ ਸ਼ਹਿਰਾਂ ਨੂੰ ਜੋੜਦੀਆਂ ਸੜ੍ਹਕਾਂ ਦੀ ਤਰਸਯੋਗ ਹਾਲਤ ਹੋਣ ਕਾਰਣ ਕਿਸਾਨ ਪ੍ਰੇਸ਼ਾਨ-ਭੁੱਟਾ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਮੰਡੀਆਂ ਅਤੇ ਸ਼ਹਿਰਾਂ ਨੂੰ ਜੋੜਦੀਆਂ ਸੜਕਾਂ ਟੁੱਟੀਆਂ ਹੋਣ ਕਾਰਣ ਕਿਸਾਨਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਪ੍ਰੀਸ਼ਦ ਦੀ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪਿੰਡ ਬਡਾਲੀ ਆਲਾ ਸਿੰਘ ਵਿਖੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਡਾਲੀ ਆਲਾ ਸਿੰਘ ਤੋਂ ਹੰਸਾਲੀ ਰੋਡ ਅਤੇ ਪਿੰਡ ਦੀ ਫਿਰਨੀ, ਬੀਬੀਪੁਰ ਤੋਂ ਬਰਾਸ ਤਿੰਬਰਪੁਰ ਚੋਲਟੀ ਖੇੜੀ ਸਲੇਮਪਰ, ਰਜਿੰਦਰਗੜ ਜੀਟੀ ਰੋਡ ਤੋਂ ਬਾਇਆ ਬਰਾਸ ਰਾਮਪੁਰ ਬਹਿਲਾਂ, ਸਰਾਏ ਬਣਜਾਰਾ ਜੀਟੀ ਰੋਡ ਤੋਂ ਬਾਇਆ ਸਲੇਮਪੁਰ ਭਗੜਾਣਾ ਰਸੂਲਪੁਰ ਚੁੰਨੀ, ਖੇੜੇ ਤੋਂ ਖੇੜੀ ਭਾਈ ਕੀ ਰਾਈ ਮਾਜਰਾ ਸੜ੍ਹਕਾਂ ਦੀ ਬਹੁਤ ਹੀ ਤਰਸਯੋਗ ਹਾਲਤ ਹੈ, ਜਿਸ ਕਾਰਣ ਲੋਕ ਸੰਤਾਪ ਭੋਗ ਰਹੇ ਹਨ। ਉਨ੍ਹਾਂ ਦਸਿਆ ਕਿ ਬਡਾਲੀ ਆਲਾ ਸਿੰਘ ਤੋਂ ਹੰਸਾਲੀ ਰੋਡ ਦੀ ਰਿਪੇਅਰ ਕਰਨ ਦੀ ਮਿਆਦ ਰਹਿਣ ਦੇ ਬਾਵਜੂਦ ਵੀ ਠੇਕੇਦਾਰ ਬਡਾਲੀ ਅੱਲਾ ਸਿੰਘ ਵਿਖੇ ਰਿਪੇਅਰ ਨਹੀਂ ਕਰ ਰਿਹਾ ਸਗੋਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੁੰਨਾ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਨੇ ਕਿਸਾਨਾਂ ਅਤੇ ਲੋਕਾਂ ਦੀ ਸਹੂਲਤ ਲਈ ਮੰਡੀਆਂ ਨੂੰ ਜੋੜਦੀਆਂ ਸੜਕਾਂ ਨਵੀਆਂ ਬਣਾਉਣ ਤੋ ਇਲਾਵਾ ਰਿਪੇਅਰ ਕਰਨੀ ਹੁੰਦੀ ਹੈ ਪ੍ਰੰਤੂ ਪਿਛਲੇ ਤਿੰਨ ਸਾਲਾਂ ਤੋਂ ਨਾ ਨਵੀਆਂ ਸੜਕਾਂ ਬਣਾਈਆਂ ਗਈਆਂ ਅਤੇ ਨਾ ਹੀ ਰਿਪੇਅਰ ਕੀਤੀ ਗਈ ਜਿਸ ਕਰਕੇ ਕਿਸਾਨਾਂ ਨੂੰ ਮੰਡੀਆਂ ਤੱਕ ਫਸਲਾਂ ਲੈ ਕੇ ਜਾਣ ਲਈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਭੁੱਟਾ ਨੇ ਕਿਹਾ ਕਿ ਬਡਾਲੀ ਅੱਲਾ ਸਿੰਘ ਦੇ ਗੰਦੇ ਪਾਣੀ ਦਾ ਕੋਈ ਸੁਚਾਰੂ ਪ੍ਰਬੰਧ ਨਾ ਹੋਣ ਕਰਕੇ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਖੜਾ ਹੈ, ਜਿਸ ਕਾਰਨ ਬਿਮਾਰੀ ਫੈਲਣ ਦਾ ਖਤਰਾ ਹੈ। ਉਨ੍ਹਾਂ ਜਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਦੀਆਂ ਸੜਕਾਂ ਦੀ ਰਿਪੇਅਰ ਕੀਤੀ ਜਾਵੇ ਅਤੇ ਬਡਾਲੀ ਆਲਾ ਸਿੰਘ ਦੇ ਗੰਦੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਭਿੰਦਰ ਸਿੰਘ ਪੰਮੀ ਬਡਾਲੀ ਅੱਲਾ ਸਿੰਘ, ਅਮਰਿੰਦਰ ਸਿੰਘ, ਸਾਹਿਲ ਵਰਮਾ, ਗੁਰਤੇਜ ਸਿੰਘ, ਹਰਦੀਪ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ, ਅਵਤਾਰ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਆਜ਼ਾਦ ਸਿੰਘ, ਦਰਸ਼ਨ ਸਿੰਘ, ਡਾਕਟਰ ਲਾਭ ਸਿੰਘ, ਜਗਤਾਰ ਸਿੰਘ ਅਤੇ ਮਨਜੌਤ ਸਿੰਘ ਬੀਬੀਪੁਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸੜ੍ਹਕਾਂ ‘ਤੇ ਖੜ੍ਹੇ ਗੰਦਾ ਪਾਣੀ ਵਿਖਾਉਂਦੇ ਹੋਏ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ।