
ਪੁਲਿਸ ਦੇ ਦਖਲ ਨਾਲ ਵਾਰਡ ਨੰਬਰ 10 ‘ਚ ਪੈਦਾ ਹੋਇਆ ਟਕਰਾਅ ਟੱਲਿਆ
ਅਮਲੋਹ(ਅਜੇ ਕੁਮਾਰ)
ਅਮਲੋਹ ਦੇ ਵਾਰਡ ਨੰਬਰ 10 ਦੇ ਇਕ ਮਹੱਲੇ ਵਿਚ ਇਕ ਦੁਕਾਨਦਾਰ ਦਾ ਵੱਡਾ ਸਮਾਨ ਦਾ ਭਰਿਆ ਟਰੱਕ ਹਫ਼ਤੇ ਵਿਚ ਕਈ ਕਈ ਦਿਨ ਖੜ੍ਹਨ ਕਾਰਣ ਮਹੱਲਾ ਨਿਵਾਸੀਆਂ ਨੂੰ ਆ ਰਹੀ ਮੁਸਕਲ ਕਾਰਣ ਟਕਰਾਅ ਦਾ ਮਹੌਲ ਬਣਿਆ ਹੋਇਆ ਸੀ। ਮਹੱਲਾ ਨਿਵਾਸੀਆਂ ਨੇ ਦਸਿਆ ਕਿ ਉਨ੍ਹਾਂ ਨੇ ਲਿਖਤੀ ਤੌਰ ਤੇ ਇਹ ਮਾਮਲਾ ਕੌਂਸਲ ਦੇ ਕਾਰਜ਼ ਸਾਧਕ ਅਫ਼ਸਰ ਅਤੇ ਵਾਰਡ ਦੇ ਕੌਂਸਲਰ ਵਿੱਕੀ ਮਿਤਲ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਦੇ ਵੀ ਧਿਆਨ ਵਿਚ ਲਿਆਦਾ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਵਲੋਂ ਨੋਟਿਸ ਜਾਰੀ ਕਰਨ ਦੇ ਬਾਵਜੂਦ ਮੱਸਲਾ ਹੱਲ ਨਾ ਹੋਇਆ ਜਿਸ ਕਾਰਣ ਇਹ ਟਕਰਾਅ ਦਾ ਮਹੌਲ ਲਗਾਤਾਰ ਵੱਧਦਾ ਜਾ ਰਿਹਾ ਸੀ। ਮਹੱਲੇ ਵਿਚ ਉਸ ਸਮੇਂ ਫ਼ਿਰ ਮਾਮਲਾ ਹੋਰ ਗੰਭੀਰ ਹੋ ਗਿਆ ਜਦੋ ਸਮਾਨ ਦਾ ਭਰਿਆ ਟਰੱਕ ਮਹੱਲੇ ਵਿਚ ਆ ਕੇ ਖੜ੍ਹ ਗਿਆ ਜਿਸ ਦੇ ਪਿਛੇ ਮਹੱਲਾ ਨਿਵਾਸੀਆਂ ਨੇ ਆਪਣੇ ਵਾਹਨ ਖੜ੍ਹੇ ਕਰ ਦਿਤੇ। ਇਹ ਰਸਤਾ ਅਗਲੇ ਪਾਸੇ ਬੰਦ ਸੀ ਜਿਸ ਕਾਰਣ ਟਰੱਕ ਦਾ ਵਾਪਸ ਨਿਕਲਣਾ ਮੁਸਕਲ ਹੋ ਗਿਆ। ਮਹੱਲਾ ਨਿਵਾਸੀਆਂ ਨੇ ਇਹ ਮਾਮਲਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਭਰਾ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਦੇ ਧਿਆਨ ਵਿਚ ਲਿਆਦਾ ਜਿਨ੍ਹਾਂ ਭਰੋਸਾ ਦਿਤਾ ਕਿ ਹਫ਼ਤੇ ਵਿਚ ਮਹੱਲੇ ਵਿਚ ਗਾਰਡਰ ਲਗਾ ਕੇ ਮੱਸਲੇ ਦਾ ਹੱਲ ਪੱਕਾ ਕਰਵਾ ਦਿਤਾ ਜਾਵੇਗਾ। ਬਾਅਦ ਵਿਚ ਇਹ ਮਾਮਲਾ ਥਾਣਾ ਅਮਲੋਹ ਦੇ ਮੁੱਖੀ ਬਲਜਿੰਦਰ ਸਿੰਘ ਦੇ ਧਿਆਨ ਵਿਚ ਆਇਆ ਅਤੇ ਟਕਰਾਅ ਖਤਮ ਕਰਨ ਲਈ ਉਨ੍ਹਾਂ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੂੰ ਮੌਕੇ ‘ਤੇ ਫ਼ੌਰਸ ਸਮੇਤ ਭੇਜ ਦਿਤਾ ਜਿਸ ਨੇ ਦੋਵੇ ਧਿਰਾਂ ਦਾ ਬਿਠਾ ਕੇ ਸਮਝੌਤਾ ਕਰਵਾ ਦਿਤਾ। ਆਮ ਆਦਮੀ ਪਾਰਟੀ ਦੇ ਆਗੂ ਅਤੇ ਮਹੱਲਾ ਨਿਵਾਸੀ ਆਸੂ ਜਿੰਦਲ, ਆਪ ਆਗੂ ਪਾਲੀ ਅਰੋੜ੍ਹਾ, ਜਗਜੀਵਨ ਰਾਮ ਹੈਪੀ ਠੇਕੇਦਾਰ, ਖੁਸ਼ਦੀਪ ਸਿੰਘ ਕੋਸ਼ੂ, ਅਭੀ ਵਰਮਾ, ਆਸੂ ਜਿੰਦਲ, ਸੰਜੇ ਕੁਮਾਰ, ਰੋਬਿਨ ਖੁੱਲਰ, ਵਿੱਕੀ ਕੁਮਾਰ ਅਤੇ ਪ੍ਰਿੰਸ ਗਰਗ ਨੇ ਦਸਿਆ ਕਿ ਪੁਲਿਸ ਵਲੋਂ ਕਰਵਾਏ ਸਮਝੌਤੇ ਸਮੇਂ ਦੁਕਾਨਦਾਰ ਨੇ ਲਿਖਤੀ ਵਾਹਦਾ ਕੀਤਾ ਕਿ ਉਹ ਅੱਗੇ ਲਈ ਮਹੁੱਲੇ ਦੇ ਬਾਹਰ ਟਰੱਕ ਖੜ੍ਹਾ ਕਰਕੇ ਸਮਾਨ ਚੁਕਵਾਉਂਣਗੇ।
ਫ਼ੋਟੋ ਕੈਪਸਨ: ਪੁਲਿਸ ਮੁਲਾਜਮ ਮਹੱਲਾ ਨਿਵਾਸੀ ਅਤੇ ਦੁਕਾਨਦਾਰਾਂ ਨਾਲ ਗਲਬਾਤ ਕਰਦੇ ਹੋਏ।