ਜੱਚਾ-ਬੱਚਾ ਸਿਹਤ ਸੇਵਾਵਾਂ ਦੀ ਸਿਵਲ ਸਰਜਨ ਨੇ ਕੀਤੀ ਚੈਕਿੰਗ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਜੱਚਾ-ਬੱਚਾ ਨੂੰ ਚੰਗੀਆਂ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਿਹਤ ਵਿਭਾਗ ਦੀ ਮੁਢਲੀ ਜਿੰਮੇਵਾਰੀ ਹੈ ਇਸ ਲਈ ਜਿਲੇ ਅੰਦਰ ਸਾਰੀਆਂ ਸਿਹਤ ਸੰਸਥਾਵਾਂ ਉੱਪਰ ਇਹ ਸਹੂਲਤਾਂ ਉਪਲਬਧ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਜਿਲਾ ਹਸਪਤਾਲ ਵਿਚ ਸਿਹਤ ਵਿਭਾਗ ਵੱਲੋਂ ਜੱਚਾ-ਬੱਚਾ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਚੈਕਿੰਗ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ ਕੰਵਲਦੀਪ ਸਿੰਘ ਸੀ ਜਿਸ ਸਮੇਤ ਉਨ੍ਹਾਂ ਲੇਬਰ ਰੂਮ, ਅਪ੍ਰੇਸ਼ਨ ਥੀਏਟਰ, ਜੱਚਾ-ਬੱਚਾ ਵਾਰਡ , ਬੱਚਿਆਂ ਦਾ ਵਾਰਡ ਅਤੇ ਜੱਚਾ-ਬੱਚਾ ਓਪੀਡੀ ਆਦਿ ਦੀ ਚੈਕਿੰਗ ਕਰਕੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਵਾਰਡ ਵਿੱਚ ਦਾਖਲ ਗਰਭਵਤੀ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦਾਖਲ ਮਰੀਜ਼ਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਮੁਸਕਲ ਆਵੇ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਹਾਜ਼ਰ ਸਟਾਫ ਨੂੰ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਤਨਦੇਹੀ ਨਾਲ ਕਰਨ ਲਈ ਕਿਹਾ। ਇਸ ਮੌਕੇ ਤੇ ਔਰਤ ਰੋਗਾਂ ਦੇ ਮਾਹਰ ਡਾ ਨੀਰੂ ਸਿਆਲ, ਨਰਸਿੰਗ ਸਿਸਟਰ ਪਰਮਿੰਦਰ ਕੌਰ, ਫਾਰਮੇਸੀ ਅਫਸਰ ਜਗਜੀਤ ਸਿੰਘ, ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਦਾਖਲ ਗਰਭਵਤੀ ਔਰਤਾਂ ਨਾਲ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ।