ਲੋਕਾਂ ਨੂੰ ਦਿੱਤੀਆਂ ਜਾਦੀਆਂ ਸਿਹਤ ਸੁਵਿਧਾਵਾਂ ਲੋੜਵੰਦਾਂ ਤਕ ਪੁੱਜਣ ਨੂੰ ਯਕੀਨੀ ਬਣਾਇਆ ਜਾਵੇ-ਡਾ: ਬਲਬੀਰ ਸਿੰਘ
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਪੰਜਾਬ ਦੇ ਸਿਹਤ ‘ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਚਨਾਰਥਲ ਕਲਾਂ ਅਤੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਐਮਰਜੰਸੀ ਵਿੱਚ ਡਿਊਟੀ ਵਾਲੇ ਸਟਾਫ ਦੀ ਹਾਜ਼ਰੀ ਚੈੱਕ ਕੀਤੀ। ਉਨ੍ਹਾਂ ਇਲਾਜ ਲਈ ਹਸਪਤਾਲ ਪਹੁੰਚੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿਹਤ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਰਾਤ ਦੀ ਡਿਊਟੀ ’ਤੇ ਤਾਇਨਾਤ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਐਮਰਜੰਸੀ ਸੇਵਾਵਾਂ ਵਿੱਚ ਦਵਾਈਆਂ ਦੀ ਘਾਟ ਨਹੀਂ ਹੋਣੀ ਚਾਹੀਦੀ ਅਤੇ ਐਮਰਜੰਸੀ ਵਿੱਚ ਲੱਗੇ ਸਾਰੇ ਉਪਕਰਨ ਵਰਕਿੰਗ ਕੰਡੀਸ਼ਨ ਵਿੱਚ ਹੋਣ, ਦਵਾਈਆਂ, ਖੂਨ ਦਾ ਪ੍ਰਬੰਧ, ਸਹੀ ਮੈਨ ਪਾਵਰ ਤੇ ਬਿਜਲੀ ਦਾ ਬੈਕਅੱਪ ਆਦਿ ਦਾ ਪ੍ਰਬੰਧ ਕਰਕੇ ਰੱਖਿਆ ਜਾਵੇ ਤਾਂ ਜੋ ਰਾਤ ਸਮੇਂ ਮਰੀਜ਼ਾਂ ਨੂੰ ਕੋਈ ਮੁਸਕਲ ਨਾ ਆਵੇ। ਉਨ੍ਹਾਂ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਐਮਰਜੰਸੀ ਦੌਰਾਨ ਪਹਿਲੇ 24 ਘੰਟੇ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸੇਵਾਵਾਂ ਦਾ ਲੋੜਵੰਦ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ ਅਤੇ ਮਰੀਜ਼ਾਂ ਦਾ ਪੂਰਾ ਖਿਆਲ ਰਖਿਆ ਜਾਵੇ। ਉਨ੍ਹਾਂ ਐਮਰਜੰਸੀ ਵਾਰਡ ਵਿੱਚ ਦਾਖਲ ਮਰੀਜ਼ਾਂ ਨਾਲ ਗੱਲ-ਬਾਤ ਕਰਕੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਕੁੱਤੇ ਦੇ ਵੱਢਣ ਕਾਰਨ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਮਰੀਜ਼ਾਂ ਨੂੰ ਲੱਗਣ ਵਾਲੀ ਐਂਟੀ ਰੇਬੀਜ਼ ਵੈਕਸੀਨ ਬਾਰੇ ਵੀ ਜਾਣਕਾਰੀ ਹਾਸਲ ਕਰਕੇ ਤਸੱਲੀ ਪ੍ਰਗਟ ਕੀਤੀ। ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦਸਿਆ ਕਿ ਸਾਰਾ ਸਟਾਫ਼ ਹਾਜਰ ਸੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਕੋਈ ਮੁਸਕਲ ਨਹੀਂ ਆਉਂਣ ਦਿਤੀ ਜਾਵੇਗੀ।
*ਫੋਟੋ ਕੈਪਸ਼ਨ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਹਸਪਤਾਲ ‘ਚ ਦਾਖਲ ਮਰੀਜ਼ਾਂ ਨਾਲ ਗਲਬਾਤ ਕਰਦੇ ਹੋਏ*