ਫਰਵਰੀ 28 (ਜਗਜੀਤ ਸਿੰਘ)ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਨੇ ਇਥੇ ਆਪਣੀ ਗ਼ੈਰ ਰਸਮੀ ਇਕੱਤਰਤਾ ਦੌਰਾਨ ਸਭਾ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਪਿਛਲੇ ਸਾਲ ਵਿਛੜੇ ਅਣਥੱਕ ਸਾਥੀ ਅਤੇ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੇ ਪਤੀ ਊਧਮ ਸਿੰਘ ਮੈਨੇਜਰ ਨੂੰ ਯਾਦ ਕਰਦੇ ਹੋਏ ਉਸ ਦੇ ਜੀਵਨ ਸੰਘਰਸ਼ਾਂ, ਆਦਰਸ਼ਾਂ, ਸਾਦਗੀ, ਧਾਰਮਿਕ ਅਤੇ ਸਮਾਜਿਕ ਜੀਵਨ ਪ੍ਰਤੀ ਪ੍ਰਪੱਕਤਾ ਬਾਰੇ ਚਰਚਾ ਕੀਤੀ ਜਿਨ੍ਹਾਂ ਸਾਰੀ ਜ਼ਿੰਦਗੀ ਗੁਰੂ ਆਸ਼ੇ ਅਨੁਸਾਰ ਜਿਊਣ ਦਾ ਹੋਕਾ ਦਿਤਾ ਜਿਸ ਨੂੰ ਪਛਾਨਣਾਂ ਸਾਡੇ ਆਪਣੇਂ ਲਈ ਹੀ ਲਾਹੇਵੰਦ ਹੈ। ਪ੍ਰਧਾਨ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ ਸ੍ਰੀ ਊਧਮ ਸਿੰਘ ਦੀ ਸਦੀਵੀ ਯਾਦ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 2 ਮਾਰਚ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਸਵੇਰੇ 9 ਵਜੇ ਪੈਣਗੇ। ਉਪਰੰਤ ਕੀਰਤਨ ਅਤੇ ਅਰਦਾਸ ਗੁਰਦੁਆਰਾ ਸਿੰਘ ਸਭਾ, ਬਾਬਾ ਫਤਹਿ ਸਿੰਘ ਨਗਰ, ਪ੍ਰੀਤ ਨਗਰ ਬਸੀ ਰੋਡ ਸਰਹਿੰਦ ਵਿਖੇ ਹੋਵੇਗੀ ਅਤੇ ਕੀਰਤਨ ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਕਰਨਗੇ, ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਉਨ੍ਹਾਂ ਦੱਸਿਆ ਕਿ ਭਾਵੇਂ ਸ. ਊਧਮ ਸਿੰਘ ਆਪ ਲੇਖਕ ਨਹੀਂ ਸਨ ਪਰ ਉਨ੍ਹਾਂ ਸਭਾ ਲਈ ਸਖਤ ਮਹਿਨਤ ਕੀਤੀ ਅਤੇ ਹਰ ਸਮਾਗਮ ਦੇ ਪ੍ਰਬੰਧਕੀ ਪੱਧਰ ਦੀ ਜ਼ਿੰਮੇਵਾਰੀ ਖੁਦ ਸੰਭਾਲਦੇ ਰਹੇ। ਉਨ੍ਹਾਂ ਦੇ ਸਾਥ ਸਦਕਾ ਹੀ ਉਹ ਸਾਹਿਤਕ ਖੇਤਰ ਵਿੱਚ ਯੋਗਦਾਨ ਪਾ ਸਕੇ ਹਨ ਅਤੇ ਉਨ੍ਹਾਂ ਦੀ ਯਾਦ ਸਹਾਰੇ ਹੀ ਉਹ ਲਿਖਣ ਦੇ ਕਾਰਜ ਕਰ ਰਹੇ ਹਨ।
ਫੋਟੋ ਕੈਪਸ਼ਨ: ਸਭਾ ਦੇ ਅਹੁੱਦੇਦਾਰ ਮੀਟਿੰਗ ਉਪਰੰਤ ਗਲਬਾਤ ਕਰਦੇ ਹੋਏ।