ਸ਼ਹੀਦ ਦੇਸ਼ ਦਾ ਸਰਮਾਇਆ – ਪ੍ਰੋਫੈਸਰ ਜਲਵੇੜਾ
ਮੰਡੀ ਗੋਬਿੰਦਗੜ੍ਹ( ਅਜੇ ਕੁਮਾਰ)
ਦੇਸ਼ ਦੀ ਸਰਹੱਦ ਤੇ ਸ਼ਹੀਦ ਹੋਣ ਵਾਲ਼ੇ ਫੌਜੀ ਜਵਾਨਾਂ ਤੇ ਦੇਸ਼ ਨੂੰ ਹਮੇਸ਼ਾ ਮਾਣ ਰਹੇਗਾ, ਦੇਸ਼ ਦੀ ਰੱਖਿਆ ਕਰਨ ’ਚ ਫੌਜੀ ਜਵਾਨਾਂ ਦਾ ਅਹਿਮ ਯੋਗਦਾਨ ਹੈ ਜੋ ਸ਼ਹੀਦ ਹੋ ਕੇ ਦੇਸ਼ ਅਤੇ ਲੋਕਾਂ ਦੀ ਰੱਖਿਆ ਕਰਦੇ ਹਨ ਇਹ ਇੱਕ ਵੱਡਾ ਕਾਰਜ ਹੈ।ਦੇਸ਼ ਦੀ ਰੱਖਿਆ ਕਰਦਿਆਂ ਜਾਨ ਨਿਸ਼ਾਵਰ ਕਰ ਦੇਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਆਗੂ ਪ੍ਰੋਫੈਸਰ ਧਰਮਜੀਤ ਜਲਵੇੜਾ ਨੇ ਪਿੰਡ ਬਦੀਨਪੁਰ ਦੇ ਸ਼ਹੀਦ ਹਰਮਿੰਦਰ ਸਿੰਘ ਦੇ ਮਾਪਿਆਂ ਨਾਲ ਦੁੱਖ ਵੰਡਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਬਜ਼ੁਰਗ ਮਾਂ ਬਾਪ ਨੂੰ ਛੱਡ ਇਕਲੌਤਾ ਪੁੱਤਰ ਸਦਾ ਲਈ ਇਸ ਜਹਾਨ ਤੋਂ ਤੁਰ ਗਿਆ, ਪੁੱਤਰ ਦੀ ਅਰਥੀ ਪਿਤਾ ਦੇ ਮੋਢਿਆਂ ਤੇ ਦੁਨੀਆਂ ਦਾ ਸਭ ਤੋਂ ਵੱਡਾ ਭਾਰ ਹੈ ਪਰ ਇਹ ਸਭ ਪ੍ਰਮਾਤਮਾ ਦੀ ਰਜ਼ਾ ਅਤੇ ਭਾਣਾ ਹੈ, ਮਨੁੱਖ ਇਸ ਨੂੰ ਰੋਕ ਜਾਂ ਮੋੜ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਿਤਾ ਨੇ ਹੁਬਕੀ ਰੋਂਦਿਆਂ ਦੱਸਿਆ ਕਿ ਘਰ ਦੀ ਗ਼ਰੀਬੀ ਦੇ ਬਾਵਜੂਦ ਉਸ ਨੇ ਆਪਣੇ ਪੁੱਤਰ ਨੂੰ ਫੌਜ ਦੀ ਭਰਤੀ ਤੱਕ ਕਿਸੇ ਪਾਸਿਓਂ ਕੋਈ ਤੰਗੀ ਨਹੀਂ ਆਉਣ ਦਿੱਤੀ, ਪੁੱਤਰ ਦੇ ਜਾਣ ਨਾਲ ਉਸ ਦਾ ਬੁਢਾਪਾ ਰੁਲ ਗਿਆ, ਘਰ ਬਿਮਾਰ ਪਈ ਭੈਣ ਦਾ ਉਹ ਅਕਸਰ ਫਿਕਰ ਕਰਦਾ ਸੀ। ਉਹ ਘਰ ਦੀ ਗਰੀਬੀ ਨੂੰ ਦੂਰ ਕਰਨ ਦੀਆਂ ਗੱਲਾਂ ਕਰਦਾ ਪਰ ਪਰਮਾਤਮਾ ਨੂੰ ਕੁੱਝ ਹੋਰ ਮਨਜ਼ੂਰ ਸੀ, ਡਾਕ ਰਾਹੀਂ ਭੇਜੀਆਂ ਰੱਖੜੀਆਂ ਵੀ ਉਸ ਨੂੰ ਬੰਨਣੀਆਂ ਨਸੀਬ ਨਾ ਹੋਈਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ ਕੀਤੇ ਐਲਾਨ ਜਲਦ ਪੂਰੇ ਕੀਤੇ ਜਾਣ ਤਾਂ ਜੋ ਗਰੀਬੀ ’ਚ ਰਹਿ ਰਹੇ ਸ਼ਹੀਦ ਦੇ ਪਰਿਵਾਰ ਨੂੰ ਸਹੂਲਤਾਂ ਮਿਲ ਸਕਣ। ਇਸ ਮੌਕੇ ਉਨ੍ਹਾਂ ਦੇ ਨਾਲ ਸੰਦੀਪ ਮਲਕੋਮਾਜਰਾ ਅਤੇ ਹੋਰ ਮੌਜੂਦ ਸਨ।
ਫੋਟੋ ਕੈਪਸ਼ਨ: ਪ੍ਰੋਫ਼ੈਸਰ ਧਰਮਜੀਤ ਜਲਵੇੜਾ ਸ਼ਹੀਦ ਦੇ ਪ੍ਰੀਵਾਰ ਨਾਲ ਦੁਖ ਸਾਂਝਾ ਕਰਦੇ ਹੋਏ।