ਸੁਖਬੀਰ ਬਾਦਲ ਉੱਪਰ ਹੋਏ ਹਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ : ਡਾ ਅਰੁਜਨ ਸਿੰਘ

ਅਮਲੋਹ, 5 ਦਸੰਬਰ : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਸਮੇਂ ਉਨ੍ਹਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਹਮਲਾ ਅਤਿ ਨਿੰਦਣਯੋਗ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ ਸੀ ਵਿੰਗ ਹਲਕਾ ਅਮਲੋਹ ਦੇ ਹਲਕਾ ਪ੍ਰਧਾਨ ਡਾ ਅਰੁਜਨ ਸਿੰਘ ਅਮਲੋਹ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ ਅਰੁਜਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਕਿ ਇਸ ਮਗਰ ਕਿਹੜੀਆਂ ਤਾਕਤਾਂ ਹਨ, ਜੋ ਅਜਿਹੀਆ ਕਾਰਵਾਈਆਂ ਕਰਵਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਲੀਡਰਸ਼ਿਪ ਵੱਲੋਂ ਸਿਰ ਝੁਕਾ ਕੇ ਸਰਕਾਰ ਦੌਰਾਨ ਹੋਈਆਂ ਗਲਤੀਆਂ ਦੀ ਖਿਮਾ ਯਾਚਨਾ ਕੀਤੀ ਗਈ ਹੈ, ਜੋ ਸਰਬੱਤ ਦੇ ਭਲੇ ਵਿਚ ਵਿਸ਼ਵਾਸ ਰੱਖਦਾ ਹੈ। ਉਹ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦਾ ਪਰ ਇਹ ਜਾਣ ਬੁਝ ਕੇ ਸਭ ਕੁਝ ਪਲੈਨ ਨਾਲ ਕੀਤਾ ਗਿਆ ਹੈ। ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਥੋੜ੍ਹੀ ਹੈ ਤੇ ਇਸ ਘਟਨਾ ਨੇ ਦੁਨੀਆਂ ਭਰ ਵਿਚ ਸਿੱਖਾਂ ਦਾ ਸਿਰ ਨੀਵਾਂ ਕੀਤਾ ਹੈ। ਡਾ ਅਰੁਜਨ ਸਿੰਘ ਨੇ ਅੱਗੇ ਕਿਹਾ ਕਿ ਇਸ ਹਮਲੇ ਲਈ ਜਿੱਥੇ ਪੰਥ ਵਿਰੋਧੀ ਲੋਕ ਜ਼ਿੰਮੇਵਾਰ ਹਨ ਉੱਥੇ ਹੀ ਸੂਬੇ ਦੀ ਮੌਜੂਦ ਸਰਕਾਰ ਵੀ ਇਸ ਲਈ ਬਰਾਬਰ ਦੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਹੋਵੇ ਜਾਂ ਵਿਰੋਧੀ ਧਿਰ ਸਭ ਦਾ ਨਿਸ਼ਾਨਾ ਅਕਾਲੀ ਦਲ ਹੈ। ਉਹਨਾਂ ਨੇ ਕਿਹਾ ਕਿ ਗੁਰੂ ਪਾਤਸ਼ਾਹ ਦੇ ਤਖਤ ਤੋਂ ਜੋ ਹੁਕਮ ਹੋਇਆ ਹੈ, ਸ. ਬਾਦਲ ਉਸ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰਦਿਆਂ ਆਪਣੀ ਗੁਰੂ ਘਰ ਦੀ ਸੇਵਾ ਨਿਭਾ ਰਹੇ ਸਨ । ਉਨ੍ਹਾਂ ‘ਤੇ ਹਮਲਾ ਕਰਨਾ ਇਕ ਨੀਚ ਹਰਕਤ ਹੈ, ਜਿਸ ਨੂੰ ਕਦੇ ਵੀ ਸਿੱਖ ਪੰਥ ਬਰਦਾਸ਼ਤ ਨਹੀਂਕਰੇਗਾ ਤੇ ਇਨ੍ਹਾਂ ਲੋਕਾਂ ਨੂੰ ਪ੍ਰਮਾਤਮਾ ਸਜ਼ਾ ਜ਼ਰੂਰ ਦੇਵੇਗਾ।

ਫੋਟੋ ਕੈਪਸਨ:– ਡਾ ਅਰੁਜਨ ਸਿੰਘ ਅਮਲੋਹ ਹਲਕਾ ਪ੍ਰਧਾਨ ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ।

ਪੱਤਰਕਾਰ ਜਗਜੀਤ ਸਿੰਘ ਕੈਥ ਇੰਡੀਅਨ ਟੀਵੀ ਨਿਊਜ਼

Leave a Comment