ਸਾਂਝਾ ਅਧਿਆਪਕ ਮੋਰਚਾ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਵਲੋਂ 19 ਨੂੰ ਆਨੰਦਪੁਰ ਸਾਹਿਬ ਵਿਖੇ ਹੋਵੇਗਾ ਰੋਸ ਪ੍ਰਦਰਸ਼ਨ

ਤਰੱਕੀਆਂ ਅਤੇ ਨਿਯੁਕਤੀਆਂ ਵਿੱਚ ਸਾਰੇ ਸਕੂਲਾਂ ਦੀਆਂ ਖਾਲੀ ਪੋਸਟਾਂ ਦਿਖਾਉਣ ਦੀ ਕੀਤੀ ਮੰਗ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ): ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ। ਬਾਅਦ ਵਿਚ ਸ੍ਰੀ ਸੁਖਵਿੰਦਰ ਸਿੰਘ ਚਾਹਲ, ਸੁਪਿੰਦਰ ਸਿੰਘ ਅਤੇ ਰਾਜੇਸ਼ ਕੁਮਾਰ ਅਮਲੋਹ ਨੇ ਦੱਸਿਆ ਕਿ ਅਧਿਆਪਕਾਂ ਦੇ ਚਿਰਾਂ ਤੋਂ ਲਟਕਦੇ ਮਸਲੇ ਹੱਲ ਨਾ ਕਰਨ ਅਤੇ ਅਧਿਆਪਕਾਂ ਦੀਆਂ ਤਰੱਕੀਆਂ ਸਮੇਂ ਸਾਰੇ ਸਕੂਲਾਂ ਦੇ ਖਾਲੀ ਸਟੇਸ਼ਨ ਨਾ ਦਿਖਾਉਣ ਦੇ ਰੋਸ ਵਜੋਂ ਸਾਂਝੇ ਅਧਿਆਪਕ ਮੋਰਚੇ ਵੱਲੋਂ 6 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, 19 ਦਸੰਬਰ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਸਾਂਝੀ ਮੀਟਿੰਗ ਵਿੱਚ ਪੀ.ਟੀ. ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਆਦਿ ਸੀਐਂਡਵੀ ਅਧਿਆਪਕਾਂ ਦੇ ਪੇਅ ਸਕੇਲਾਂ ਸਬੰਧੀ ਵਿੱਤ ਵਿਭਾਗ ਵਲੋਂ ਜਾਰੀ ਤਰਕਹੀਣ ਸਪੀਕਿੰਗ ਆਰਡਰ ਤੁਰੰਤ ਰੱਦ ਨਾ ਕਰਨ, ਮਿਡਲ ਅਤੇ ਘੱਟ ਗਿਣਤੀ ਬੱਚਿਆਂ ਵਾਲੇ ਸਕੂਲ ਬੰਦ ਕਰਨ ਦੇ ਐਲਾਨ, ਨਿਯੁਕਤੀਆਂ ਅਤੇ ਤਰੱਕੀਆਂ ਵਿੱਚ ਸਾਰੇ ਸਕੂਲਾਂ ਦੀਆਂ ਖਾਲੀ ਪੋਸਟਾਂ ਦਿਖਾਉਣ ਤੋਂ ਇਨਕਾਰ ਕਰਨ ਦੇ ਰੋਸ ਵਜੋਂ 23-24 ਦਸੰਬਰ ਨੂੰ ਜਿਲਾ ਪੱਧਰ ਤੇ ਪੁਤਲੇ ਫੁਕਣ ਅਤੇ 11 ਜਨਵਰੀ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਪਿੰਡ ਰੋਸ ਮਾਰਚ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਬੇਰੁਖੀ ਕਾਰਣ ਹੁਣ 19 ਜਨਵਰੀ ਨੂੰ ਸਿਖਿਆ ਮੰਤਰੀ ਦੇ ਹਲਕੇ ਅਨੰਦਪੁਰ ਸਾਹਿਬ ਵਿਖੇ ਰੋਸ ਮੁਜਾਹਰਾ ਕੀਤਾ ਜਾਵੇਗਾ, ਜਿਸ ਵਿਚ ਉਨ੍ਹਾਂ ਅਧਿਆਪਕਾਂ ਨੂੰ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਤਨਖਾਹ ਕਟੌਤੀ ਦਾ ਪੱਤਰ ਵਾਪਸ ਲੈਣ, ਲੈਕਚਰਾਰਾਂ ਅਤੇ ਮਾਸਟਰ ਕੇਡਰ ਦੀਆਂ ਤਰੱਕੀਆਂ ਵਿੱਚ ਸਾਰੀਆਂ ਖਾਲੀ ਪੋਸਟਾਂ ਦਿਖਾ ਕੇ ਦੁਬਾਰਾ ਸਟੇਸ਼ਨ ਦੇਣ, ਕੰਪਿਊਟਰ ਅਧਿਆਪਕਾਂ ਨੂੰ ਪਿਕਟਸ ਸੁਸਾਇਟੀ ਦੀ ਬਜਾਏ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ ਸਮੇਤ ਬਾਕੀ ਮੰਗਾਂ ਤੁਰੰਤ ਪ੍ਰਵਾਨ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਰਾਜੇਸ਼ ਕੁਮਾਰ ਅਮਲੋਹ, ਸਪਿੰਦਰ ਸਿੰਘ, ਕੁਲਜੀਤ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਬਰਵਾਲੀ, ਰਾਜਿੰਦਰ ਸਿੰਘ ਰਾਜਨ, ਬਲਵੀਰ ਸਿੰਘ ਮੁੱਲਾਂਪੁਰੀ, ਸਤਿੰਦਰ ਸਿੰਘ, ਬੇਅੰਤ ਭਾਂਬਰੀ, ਪ੍ਰਗਟ ਸਿੰਘ ਅਤੇ ਗੌਰਵ ਬਾਂਸਲ ਆਦਿ ਸ਼ਾਮਿਲ ਸਨ।

ਫੋਟੋ ਕੈਪਸ਼ਨ: ਅਧਿਆਪਕ ਆਗੂ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ।

Leave a Comment