ਡੀਏਪੀ ਤੋਂ ਬਾਅਦ ਯੂਰੀਆ ਖਾਦ ਦੀ ਕਿੱਲਤ-ਖਾਲੀ ਹੱਥ ਮੁੜਨ ਲੱਗੇ ਕਿਸਾਨ-ਪ੍ਰੋਫੈਸਰ ਜਲਵੇੜਾ

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਕਣਕ ਦੀ ਬਜਾਈ ਸਮੇਂ ਡੀਏਪੀ ਅਤੇ ਹੁਣ ਯੂਰੀਏ ਖਾਦ ਦੀ ਕਿੱਲਤ ਕਾਰਨ ਮੁੜ ਕਿਸਾਨਾਂ ਨੂੰ ਲੰਬੀਆਂ ਕਤਾਰਾਂ ਵਿੱਚ ਲੱਗਣ ਦੇ ਨਾਲ਼ ਨਾਲ਼ ਖ਼ਾਲੀ ਹੱਥ ਸੁਸਾਇਟੀਆਂ ਚੋਂ ਵਾਪਿਸ ਪਰਤਣਾ ਪੈ ਰਿਹਾ ਹੈ ਜਦੋ ਕਿ ਯੂਰੀਏ ਖਾਦ ਦੀ ਫਸਲ ਨੂੰ ਸਖ਼ਤ ਜਰੂਰਤ ਹੈ ਜੇਕਰ ਸਮੇਂ ਸਿਰ ਯੂਰੀਆ ਨਹੀਂ ਉਪਲਬਧ ਹੁੰਦਾ ਤਾਂ ਇਸ ਦਾ ਫਸਲ ਨੂੰ ਵੱਡਾ ਨੁਕਸਾਨ ਹੋਵੇਗਾ ਜਿਸਦਾ ਘਾਟਾ ਕਿਸਾਨ ਨੂੰ ਸਹਿਣਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਪ੍ਰੋਫੈਸਰ ਧਰਮਜੀਤ ਜਲਵੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਡੀਏਪੀ ਖਾਦ ਤੋਂ ਬਾਅਦ ਹੁਣ ਯੂਰੀਆ ਖਾਦ ਲੈਣ ਸਮੇਂ ਵੀ ਉਹੀ ਸਥਿਤੀ ਪੈਦਾ ਹੋ ਗਈ ਹੈ ਜੋ ਦੋ ਮਹੀਨੇ ਪਹਿਲਾਂ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਸਮਝ ਤੋਂ ਬਾਹਰ ਹੈ ਕਿ ਇਹ ਕਾਲਾ ਬਾਜ਼ਾਰੀ ਕਰਕੇ ਹੋ ਰਿਹਾ ਹੈ ਜਾਂ ਪੱਖਪਾਤ ਕਰਕੇ। ਉਨ੍ਹਾਂ ਕਿਹਾ ਕਿ ਯੂਰੀਆ ਨਾ ਮਿਲਣ ਕਾਰਣ ਕਿਸਾਨਾਂ ’ਚ ਸਖਤ ਰੋਸ ਹੈ। ਪ੍ਰੋਫੈਸਰ ਜਲਵੇੜਾ ਨੇ ਕਿਹਾ ਕਿ ਇਸ ਵਿੱਚ ਸਭ ਤੋਂ ਵੱਡਾ ਨੁਕਸਾਨ ਛੋਟੇ ਕਿਸਾਨ ਦਾ ਹੋ ਰਿਹਾ ਜਿਸ ਕੋਲ ਥੋੜੀ ਜਮੀਨ ਹੈ ਅਤੇ ਉਸ ਨੂੰ ਸਮੇਂ ਸਿਰ ਖਾਦ ਵੀ ਉਪਲਬਧ ਨਹੀਂ ਹੋ ਰਹੀ ਜਦੋ ਕਿ ਬਜ਼ਾਰ ’ਚ ਦੁਕਾਨਾਂ ਵਾਲੇ ਖਾਦ ਦੇ ਥੈਲੇ ਨਾਲ਼ ਕੁੱਝ ਵਾਧੂ ਵਸਤੂਆਂ ਦੇ ਰਹੇ ਹਨ ਜੋ ਕਿਸਾਨਾਂ ਉੱਤੇ ਆਰਥਿਕ ਬੋਝ ਹੈ। ਉਨ੍ਹਾਂ ਇਹ ਵੀ ਦਸਿਆ ਕਿ ਨਬੀਪੁਰ ਸਹਿਕਾਰੀ ਸੁਸਾਇਟੀ ਦੇ ਵਿੱਚ ਕਿਸਾਨਾਂ ਨੂੰ ਯੂਰੀਆ ਖਾਦ ਨਹੀਂ ਮਿਲ ਰਿਹਾ, ਯੂਰੀਏ ਦਾ ਟਰੱਕ ਆਉਂਦਾ ਉਸ ਦੀ ਵੰਡ ਕਿਸ ਤਰ੍ਹਾਂ ਹੁੰਦੀ ਹੈ ਇਹ ਚਰਚਾ ਦਾ ਵਿਸ਼ਾ ਹੈ ਕਿਉਂਕਿ ਛੋਟੇ ਕਿਸਾਨ ਇਸ ਤੋਂ ਵਾਂਝੇ ਰਹਿ ਜਾਦੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਜੁਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਹ ਵੀ ਬੇਨਤੀ ਕੀਤੀ ਕਿ ਸਾਰੀਆਂ ਸੁਸਾਇਟੀਆਂ ਵਿਚ ਬਰਾਬਰ ਯੂਰੀਆ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਖਾਦ ਵੰਡ ਵਿਚ ਪੱਖਪਾਤ ਨੂੰ ਸਖਤੀ ਨਾਲ ਰੋਕਿਆ ਜਾਵੇ। 

ਫੋਟੋ ਕੈਪਸ਼ਨ: ਪ੍ਰੋਫ਼ੈਸਰ ਧਰਮਜੀਤ ਜਲਵੇੜ੍ਹਾ

Leave a Comment