ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਸਰਹਿੰਦ ਜੀਟੀ ਰੋਡ ‘ਤੇ ਚਾਵਲਾ ਚੌਂਕ ਨੇੜੇ ਇੱਕ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਅਤੇ 2 ਗੰਭੀਰ ਰੂਪ ਵਿਚ ਜਖਮੀ ਹੋ ਗਏ। ਥਾਣਾ ਸਰਹਿੰਦ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੁਗਨੂੰ ਰਾਜਭਾਰ ਵਾਸੀ ਕੁਸੂਹਾ ਰਸੀਦਪੁਰ ਜਿਲ੍ਹਾ ਬਲੀਆ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹ ਮੈਨੇਜਰ ਉਪਿੰਦਰ ਪ੍ਰਤਾਪ ਸਿੰਘ ਦੀ ਦੇਖਰੇਖ ਵਿੱਚ ਪਿੰਡ ਭੱਟਮਾਜਰਾ ਵਿਖੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਸਰਹਿੰਦ ਤੋਂ ਮੋਹਾਲੀ ਬਣ ਰਹੀ ਸੜਕ ਉੱਪਰ ਲੇਬਰ ਦਾ ਕੰਮ ਕਰਦਾ ਹੈ, ਉਸ ਨਾਲ ਉਸ ਦੇ ਤਾਏ ਦਾ ਲੜਕਾ ਸੰਦੀਪ ਕੁਮਾਰ ਵਾਸੀ ਕੁਸਹਾ ਰਸੀਦਪੁਰ, ਪ੍ਰਦੀਪ ਉਰਫ ਵਿਨੋਦ ਵਾਸੀ ਭੀਮਾਂਹਾਰ ਉੱਤਰ ਪ੍ਰਦੇਸ਼ ਵੀ ਕੰਪਨੀ ਵਿੱਚ ਲੇਬਰ ਦਾ ਕੰਮ ਕਰਦੇ ਹਨ। ਉਹ ਬੀਤੇ ਦਿਨ ਉਸ ਦੇ ਪਿੰਡ ਤੋਂ ਕੰਮ ਕਰਨ ਲਈ ਆਏ ਚੰਦਰ ਸ਼ੇਖਰ ਵਾਸੀ ਕੁਸਹਾ ਉੱਤਰ ਪ੍ਰਦੇਸ਼ ਅਤੇ ਦੂਰ ਦੇ ਰਿਸ਼ਤੇਦਾਰ ਲੁੱਟਨ ਰਾਜ ਭਾਰ ਵਾਸੀ ਹਿੱਤਕਾਰਪੂਰਾ ਜਿਲਾ ਬਲੀਆ ਨੂੰ ਵੀ ਸਰਹਿੰਦ ਬੁਲਾ ਲਿਆ। ਉਹ ਟਰੇਨ ਰਾਹੀਂ ਸ਼ਾਮ ਨੂੰ ਸਰਹਿੰਦ ਪੁੱਜ ਗਏ। ਉਨ੍ਹਾਂ ਦੋਵਾਂ ਨੂੰ ਲੈਣ ਲਈ ਸੰਦੀਪ, ਪ੍ਰਦੀਪ ਉਰਫ ਵਿਨੋਦ ਅਤੇ ਉਹ ਤਿੰਨੇ ਰੇਲਵੇ ਸਟੇਸ਼ਨ ਸਰਹਿੰਦ ਵਿਖੇ ਗਏ ਸੀ, ਸੰਦੀਪ ਕੁਮਾਰ, ਪ੍ਰਦੀਪ ਉਰਫ ਵਿਨੋਦ, ਚੰਦਰ ਸ਼ੇਖਰ ਅਤੇ ਲੂਟਨ ਚਾਰੇ ਵਿਅਕਤੀ ਉਸ ਤੋਂ ਥੋੜੀ ਦੂਰ ਅੱਗੇ-ਅੱਗੇ ਜਾ ਰਹੇ ਸਨ ਅਤੇ ਉਹ ਪਿੱਛੇ-ਪਿੱਛੇ ਜਾ ਰਿਹਾ ਸੀ। ਜਦੋਂ ਉਹ ਚਾਵਲਾ ਚੌਂਕ ਸਰਹਿੰਦ ਤੋਂ ਥੋੜਾ ਅੱਗੇ ਸਰਵਿਸ ਰੋਡ ਪਰ ਪੁੱਜੇ, ਤਾਂ ਲਗਭਗ ਰਾਤ ਨੂੰ 10 ਵਜੇ ਉਹਨਾਂ ਦੇ ਪਿੱਛੇ ਸਰਹਿੰਦ ਵੱਲੋਂ ਆ ਰਹੇ ਇੱਕ ਤੇਲ ਵਾਲੇ ਟੈਂਕਰ ਨੰਬਰ ਪੀ ਬੀ 65 ਬੀ ਈ- 4625 ਨੇ ਸੜਕ ਕਿਨਾਰੇ ਜਾ ਰਹੇ ਚਾਰਾਂ ਉੱਪਰ ਟੈਂਕਰ ਚੜਾ ਦਿੱਤਾ। ਜਿਸ ਨਾਲ ਚਾਰਾਂ ਵਿਅਕਤੀਆਂ ਦੇ ਸੱਟਾਂ ਲੱਗੀਆਂ ਅਤੇ ਇਹਨਾਂ ਵਿੱਚੋਂ ਲੂਟਨ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਰ ਐਬੂਲੈਂਸ ਰਾਹੀ ਚਾਰਾਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਲਜਾਇਆ ਗਿਆ, ਜਿੱਥੋਂ ਸੰਦੀਪ ਕੁਮਾਰ, ਪ੍ਰਦੀਪ ਉਰਫ ਵਿਨੋਦ ਅਤੇ ਚੰਦਰਸ਼ੇਖਰ ਨੂੰ ਜਿਆਦਾ ਸੱਟਾਂ ਲੱਗੀਆਂ ਹੋਣ ਕਾਰਨ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਚੰਡੀਗੜ੍ਹ ਪਹੁੰਚ ਕੇ ਸੰਦੀਪ ਕੁਮਾਰ ਦੀ ਵੀ ਮੌਤ ਹੋ ਗਈ। ਜਦਕਿ ਪ੍ਰਦੀਪ ਉਰਫ ਵਿਨੋਦ ਅਤੇ ਚੰਦਰਸ਼ੇਖਰ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਜੁਗਨੂੰ ਰਾਜਭਰ ਦੇ ਬਿਆਨ ਤੇ ਟੈਂਕਰ ਚਾਲਕ ਹਰਦੀਪ ਸਿੰਘ ਦੇ ਖਿਲਾਫ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਦੀਪ ਕੁਮਾਰ ਅਤੇ ਲੂਟਣ ਦੀ ਲਾਸ਼ ਦਾ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।
*ਫੋਟੋ ਕੈਪਸ਼ਨ: ਹਾਦਸਾ ਗ੍ਰਸਤ ਟੈਂਕਰ ਸੰਦੀਪ ਕੁਮਾਰ ਦੀ ਫਾਈਲ ਫੋਟੋ ਅਤੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਪ੍ਰੀਵਾਰਕ ਮੈਂਬਰਾਂ ਨਾਲ ਗੱਲ ਕਰਦੇ ਹੋਏ*