ਆਨ ਲਾਇਨ ਠੱਗੀ ਸਬੰਧੀ ਹੈਲਪ ਲਾਇਨ 1930 ਤੇ ਦਰਜ਼ ਕਰਵਾਈ ਜਾ ਸਕਦੀ ਹੈ ਸ਼ਿਕਾਇਤ
ਫਤਿਹਗੜ੍ਹ ਸਾਹਿਬ,(ਅਜੇ ਕੁਮਾਰ)
ਸਾਇਬਰ ਠੱਗੀ ਦੇ ਮਾਮਲਿਆਂ ਨੂੰ ਠੱਲ ਪਾਉਣ ਲਈ ਪੁਲਿਸ ਵੱਲੋਂ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਸਾਈਬਰ ਠੱਗੀ ਦੇ 27 ਮਾਮਲਿਆਂ ਵਿੱਚ 50 ਲੱਖ ਦੇ ਕਰੀਬ ਰਾਸ਼ੀ ਪੀੜ੍ਹਤਾ ਨੂੰ ਵਾਪਸ ਕਰਵਾਉਂਣ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਦਿਤੀ। ਉਨ੍ਹਾਂ ਦਸਿਆ ਕਿ ਐਸ.ਪੀ. (ਜਾਂਚ) ਰਾਕੇਸ਼ ਯਾਦਵ, ਡੀ.ਐਸ.ਪੀ. (ਸ) ਹਿਤੇਸ਼ ਕੌਸ਼ਿਕ ਦੀਆਂ ਹਦਾਇਤਾਂ ਅਨੁਸਾਰ ਸਾਇਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਸੁਧੀਰ ਮਲਿਕ ਅਤੇ ਸਾਈਬਰ ਥਾਣੇ ਦੀ ਟੀਮ ਨੇ ਸਾਇਬਰ ਠੱਗੀ ਦੇ ਵੱਖ-ਵੱਖ ਮਾਮਲਿਆਂ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕਰਕੇ ਤਕਨੀਕੀ ਪ੍ਰਕ੍ਰਿਆ ਅਤੇ ਮਾਣਯੋਗ ਅਦਾਲਤ ਦੀ ਸਹਾਇਤਾ ਨਾਲ ਪੀੜ੍ਹਤਾਂ ਨੂੰ ਇਹ ਰਕਮ ਵਾਪਸ ਕਰਵਾਈ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ‘ਤੇ ਹੈਲਪ ਲਾਇਨ 1930 ਜਾਂ ਵੈਬਸਾਇਟ https://cybercrime.gov.in ਦੀ ਲੋੜ ਪੈਣ ‘ਤੇ ਮਦਦ ਲਈ ਜਾ ਸਕਦੀ ਹੈ, ਜਿਥੇ ਦਰਜ਼ ਸ਼ਿਕਾਇਤਾਂ ਦੇ ਆਧਾਰ ਤੇ ਨੈਸ਼ਨਲ ਪੋਰਟਲ ਵੱਲੋਂ ਫਰਾਡ ਦੀ ਰਕਮ ਦੀ ਟਰਾਂਜੈਕਸ਼ਨ ਨੂੰ ਤੁਰੰਤ ਹੋਲਡ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੋਲਡ ਰਕਮ ਸਬੰਧੀ ਥਾਣਾ ਸਾਇਬਰ ਕਰਾਇਮ ਵੱਲੋਂ ਬੈਂਕਾਂ ਤੋਂ ਰਿਕਾਰਡ ਹਾਸਲ ਕਰਕੇ ਮਾਣਯੋਗ ਅਦਾਲਤ ਰਾਹੀ ਰਕਮ ਜਾਰੀ ਕਰਨ ਦਾ ਹੁਕਮ ਹਾਸਲ ਕੀਤਾ ਜਾਂਦਾ ਹੈ ਅਤੇ ਇਸ ਰਕਮ ਨੂੰ ਪੀੜ੍ਹਤਾਂ ਦੇ ਖਾਤੇ ਵਿੱਚ ਪਵਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਓ.ਟੀ.ਪੀ. ਸਾਂਝਾ ਨਾ ਕੀਤਾ ਜਾਵੇ। ਉਨ੍ਹਾਂ ਅਣ-ਅਧਿਕਾਰਤ ਲਿੰਕ ਨਾ ਖੋਲਣ ਦੀ ਵੀ ਅਪੀਲ ਕੀਤੀ। ਇਸ ਮੌਕੇ ਠੱਗੀ ਦਾ ਸ਼ਿਕਾਰ ਹੋਏ ਮੰਡੀ ਗੋਬਿੰਦਗੜ੍ਹ ਦੇ ਮਨਦੀਪ ਸਿੰਘ, ਵਿਸ਼ਾਲ, ਫ਼ਤਹਿਗੜ੍ਹ ਸਾਹਿਬ ਦੀ ਹਰਦੀਪ ਕੌਰ ਨੇ ਪੁਲਿਸ ਦਾ ਰਕਮ ਵਾਪਸ ਕਰਵਾਉਂਣ ਲਈ ਧੰਨਵਾਦ ਕੀਤਾ।
*ਫੋਟੋ ਕੈਪਸ਼ਨ: ਜਿਲਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।*