ਆਪ ਦੀ ਨਸ਼ੇ ‘ਤੇ ਨਾਕਾਮੀ ਦੇ ਸਵਾਲ ਦੇ ਜਵਾਬ ਦੇਣ ਦੀ ਬਜਾਏ ਮੰਤਰੀ ਭੱਜ ਗਿਆ: ਸਰਬਜੀਤ ਝਿੰਜਰ
ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਜ਼ਿਲ੍ਹਾ ਪ੍ਰਧਾਨ ਸਰਨਜੀਤ ਸਿੰਘ ਚਨਾਰਥਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਮੰਤਰੀ ਤਰਨਪ੍ਰੀਤ ਸਿੰਘ ਸੌੰਦ ਨੂੰ ਫਤਹਿਗੜ੍ਹ ਸਾਹਿਬ ਦੌਰੇ ਦੌਰਾਨ ਘੇਰਿਆ ਅਤੇ ਵੱਧ ਰਹੇ ਨਸ਼ਾ ਵਪਾਰ ਨੂੰ ਰੋਕਣ ਵਿੱਚ ਸਰਕਾਰ ਦੀ ਅਸਫਲਤਾ ‘ਤੇ ਉਨ੍ਹਾਂ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ ਕੀਤੀ। ਸ੍ਰੀ ਸੌੰਦ ਜੋ ਪੰਜਾਬ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੀ ਨਿਗਰਾਨੀ ਲਈ ਬਣਾਈ ਉਪ-ਕਮੇਟੀ ਦੇ ਮੈਂਬਰ ਹਨ ਬਚਤ ਭਵਨ ਵਿੱਚ ਇਕ ਮੀਟਿੰਗ ਕਰ ਰਹੇ ਸਨ ਅਤੇ ਜਦੋਂ ਅਕਾਲੀ ਆਗੂ ਸਵਾਲ ਪੁਛਣ ਗਏ ਪਹਿਲਾ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਫ਼ਿਰ ਆਹਮੋ ਸਾਹਮਣੇ ਸਵਾਲ ਪੁਛਣ ਨਹੀਂ ਦਿਤਾ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਮੰਤਰੀ ਦੇ ਭੱਜਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ੍ਰੀ ਸੌੰਦ ਨੂੰ ਪੰਜਾਬ ਵਿੱਚ ਵਧ ਰਹੇ ਨਸ਼ੇ ‘ਤੇ ਆਪ ਸਰਕਾਰ ਦੀ ਨਕਾਮੀ ਬਾਰੇ ਸ਼ਾਂਤੀ ਅਤੇ ਹਲੀਮੀ ਨਾਲ ਸਵਾਲ ਪੁੱਛਣਾ ਚਾਹੁੰਦੇ ਸੀ ਪਰ ਉਹ ਸਵਾਲਾਂ ਤੋਂ ਡਰ ਕੇ ਭੱਜ ਗਿਆ। ਉਨ੍ਹਾਂ ਕਿਹਾ ਪਿਛਲੇ ਤਿੰਨ ਸਾਲਾਂ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਬਾਰ ਬਾਰ ਨਸ਼ੇ ਵਿਰੁੱਧ ਮੁਹਿੰਮ ਚਲਾਉਣ ਦਾ ਸਿਰਫ ਢੋਂਗ ਕੀਤਾ ਹੈ ਪਰ ਨਸ਼ਾ ਘਟਣ ਦੀ ਬਜਾਏ ਬਹੁਤ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਸਰਕਾਰ ਬਣਨ ਦੇ ਛੇ ਮਹੀਨੇ ਵਿੱਚ ਨਸ਼ਾ ਖਤਮ ਹੋਵੇਗਾ ਪਰ ਤਿੰਨ ਸਾਲ ਬਾਅਦ ਵੀ ਜਮੀਨੀ ਪੱਧਰ ‘ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੰਤਰੀ ਭਾਵੇਂ ਸਾਡੇ ਸਵਾਲਾਂ ਤੋਂ ਭੱਜ ਗਿਆ ਪਰ ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਹਕੀਕਤ ਨੂੰ ਸਮਝ ਚੁੱਕੇ ਹਨ, ਜਿੱਥੇ ਵੀ ਉਨ੍ਹਾਂ ਦੇ ਮੰਤਰੀ ਜਾਂ ਵਿਧਾਇਕ ਜਾਣਗੇ ਉਨ੍ਹਾਂ ਨੂੰ ਲੋਕਾਂ ਵੱਲੋਂ ਇਨ੍ਹਾਂ ਹੀ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਯੂਥ ਅਕਾਲੀ ਦਲ ਪ੍ਰਧਾਨ ਨੇ ਸਰਕਾਰ ਦੀ ‘ਬੁਲਡੋਜ਼ਰ ਨਿਆਂ’ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਸੁਪਰੀਮ ਕੋਰਟ ਨੇ ਸਪਸ਼ਟ ਹੁਕਮ ਦਿੱਤਾ ਹੈ ਕਿ ਕਿਸੇ ਵੀ ਨਿੱਜੀ ਵਿਅਕਤੀ ਦੇ ਘਰ ਨੂੰ ਇਸ ਤਰੀਕੇ ਨਾਲ ਢਾਹੁਣਾ ਗੈਰਕਾਨੂੰਨੀ ਹੈ, ਫਿਰ ਵੀ ਸਰਕਾਰ ਪੰਜਾਬ ਵਿੱਚ ਕੇਵਲ ਮੀਡੀਆ ਵਿੱਚ ਰਹਿਣ ਲਈ ਇਹ ਗਲਤ ਕੰਮ ਕਰ ਰਹੀ ਹੈ। ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤਾਵਨੀ ਦਿਤੀ ਕਿ ਜਦੋਂ ਇਹ ਗੈਰਕਾਨੂੰਨੀ ਕਾਰਵਾਈਆਂ ਦੀ ਅਦਾਲਤ ‘ਚ ਚੁਣੌਤੀ ਹੋਵੇਗੀ ਤਾਂ ਤੁਹਾਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਇਹ ਨਾਟਕ ਬੰਦ ਕਰੋ ਅਤੇ ਨਸ਼ਾ ਵਪਾਰ ਦੇ ਅਸਲ ਗੁਨਾਹਗਾਰਾਂ ਨੂੰ ਫੜੋ ਜੋਂ ਆਪ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਛੱਤਰ-ਛਾਇਆ ਹੇਠ ਨਸ਼ਾ ਵੇਚ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ਼ ਕੱਸਦੇ ਹੋਏ ਸ੍ਰੀ ਝਿੰਜਰ ਨੇ ਕਿਹਾ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨਾਲ ਜਿਸ ਤਰੀਕੇ ਨਾਲ ਬੁਰਾ ਵਤੀਰਾ ਕੀਤਾ ਉਹ ਸਪਸਟ ਹੈ ਕਿ ਸਰਕਾਰ ਤੇ ਸੱਤਾ ਦਾ ਗ਼ਰੂਰ ਚੜ੍ਹ ਗਿਆ ਹੈ, ਇਹੀ ਗ਼ਰੂਰ ਉਨ੍ਹਾਂ ਨੂੰ ਪੰਜਾਬ ‘ਚ ਵੀ ਉਨ੍ਹਾਂ ਦੀ ਦਿੱਲੀ ਵਾਲੀ ਹਾਲਤ ‘ਤੇ ਪਹੁੰਚਾ ਦੇਵੇਗਾ। ਉਨ੍ਹਾਂ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ।
ਫ਼ੋਟੋ ਕੈਪਸਨ: ਸਰਬਜੀਤ ਸਿੰਘ ਝਿੰਜਰ ਅਤੇ ਸਰਨਜੀਤ ਸਿੰਘ ਚਨਾਰਥਲ ਫ਼ਤਹਿਗੜ੍ਹ ਸਾਹਿਬ ਤਰਨਪ੍ਰੀਤ ਸਿੰਘ ਸੌਂਦ ਨੂੰ ਸਵਾਲ ਕਰਨ ਲਈ ਜਾਦੇ ਹੋਏ।