ਪੰਜਾਬ ਦੀ ਸਭ ਤੋਂ ਵੱਧ ਅਮੀਰ ਕੌਂਸਲ ਦੇ ਬਸੰਤ ਵਿਹਾਰ ਕਲੋਨੀ ਦੀ ਸਹੂਲਤਾਂ ਨਾ ਹੋਣ ਕਾਰਣ ਬਣੀ ਤਰਸਯੋਗ ਹਾਲਤ
*ਵਾਰਡ ਦੇ ਕੌਂਸਲਰ ਨੇ ਵੀ ਕੌਂਸਲ ‘ਤੇ ਅਣਸੁਣੀ ਕਰਨ ਦੀ ਗੱਲ ਕਬੂਲੀ*
ਮੰਡੀ ਗੋਬਿੰਦਗੜ੍ਹ, ਮਾਰਚ 18 (ਜਗਜੀਤ ਸਿੰਘ) ਪੰਜਾਬ ਦੀ ਸਭ ਤੋਂ ਵੱਧ ਅਮੀਰ ਨਗਰ ਕੌਂਸਲਾਂ ਦੀ ਸੂਚੀ ਵਿਚ ਪਹਿਲੀ ਕਤਾਰ ਵਿਚ ਸਾਮਲ ਮੰਡੀ ਗੋਬਿੰਦਗੜ੍ਹ ਕੌਂਸਲ ਦੇ ਵਿਕਾਸ ਨਗਰ ਵਿਚ ਸਥਿੱਤ ਬਸੰਤ ਵਿਹਾਰ ਕਲੋਨੀ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਨਾ ਮਿਲਣ ਕਾਰਣ ਲੰਮੇ ਸਮੇਂ ਤੋਂ ਸੰਤਾਪ ਭੋਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵਾਰਡ ਦੇ ਲੋਕਾਂ ਨੇ ਦਸਿਆ ਕਿ ਉਹ ਇਸ ਸਬੰਧੀ ਕਈ ਵਾਰ ਕੌਂਸਲ ਅਤੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਚੁਕੇ ਹਨ ਲੇਕਿਨ ਕੋਈ ਸੁਣਵਾਈ ਨਾ ਹੋਣ ਕਾਰਣ ਪ੍ਰੇਸ਼ਾਨ ਹਨ। ਇਸ ਸਬੰਧੀ ਜਦੋ ਵਾਰਡ ਦੀ ਕੌਂਸਲਰ ਦਿਲਰਾਜ ਸੋਫ਼ਤ ਦੇ ਪਤੀ ਸਾਬਕਾ ਕੌਂਸਲਰ ਰਾਹੁੱਲ ਸੋਫ਼ਤ ਨਾਲ ਸੰਪਰਕ ਕੀਤਾ ਤਾਂ ਉਸ ਨੇ ਇਹ ਗੱਲ ਕਬੂਲਦੇ ਹੋਏ ਦੁਖ ਪ੍ਰਗਟ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕਈ ਵਾਰ ਇਹ ਮਾਮਲਾ ਕੌਂਸਲ ਦੇ ਧਿਆਨ ਵਿਚ ਲਿਆ ਚੁਕੇ ਹਨ ਲੇਕਿਨ ਪਰਨਾਲਾ ਉਥੇ ਦਾ ਉਥੇ ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਣਵਾਈ ਨਾ ਹੋਈ ਤਾਂ ਉਹ ਵਾਰਡ ਵਾਸੀਆਂ ਨਾਲ ਮਿਲ ਕੇ ਅਗਲੀ ਰੂਪ ਰੇਖਾ ਬਨਾਉਂਣਗੇ। ਲੋਕਾਂ ਨੇ ਦਸਿਆ ਕਿ ਹਰ ਸਿਆਸੀ ਆਗੂ ਬਸੰਤ ਵਿਹਾਰ ਵਿਚ ਆ ਕੇ ਵਿਕਾਸ ਅਤੇ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਦੇ ਵਾਹਦੇ ਕਰਦੇ ਹਨ ਅਤੇ ਸਹਿਰ ਦੇ ਵਿਕਾਸ ਕਾਰਜਾਂ ਦੀ ਸੁਰੂਆਤ ਇਥੋ ਕਰਨ ਦਾ ਭਰੋਸਾ ਦਿੰਦੇ ਹਨ ਪ੍ਰੰਤੂ ਚੋਣਾਂ ਤੋਂ ਬਾਅਦ ਕੋਈ ਵੀ ਸਿਆਸੀ ਆਗੂ ਮੁੜ ਕੇ ਇਨ੍ਹਾਂ ਦੀ ਸਾਰ ਲੈਣ ਲਈ ਨਹੀਂ ਆਉਂਦਾ ਅਤੇ ਨਾ ਹੀ ਵਿਕਾਸ ਕਾਰਜ ਸੁਰੂ ਹੁੰਦੇ ਹਨ। ਸ੍ਰੀ ਸੋਫ਼ਤ ਨੇ ਦਸਿਆ ਕਿ ਇਸ ਕਲੋਨੀ ਨੇ 90 ਪ੍ਰਤੀਸ਼ਤ ਦੇ ਕਰੀਬ ਪਲਾਟ ਅਪਰੂਵਡ ਹਨ ਅਤੇ ਲੋਕਾਂ ਤੋਂ ਲੱਖਾਂ ਰੁਪੲੈ ਨਕਸੇ ਅਤੇ ਪਲਾਟ ਅਪਰੂਵਡ ਕਰਵਾਉਂਣ ਦੇ ਕੌਂਸਲ ਵਸੂਲ ਕਰ ਚੁਕੀ ਹੈ ਉਸ ਦੇ ਬਾਵਜੂਦ ਵੀ ਲੋਕਾਂ ਦੀ ਅਣਦਿੱਖੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋ ਮਿਉਂਸਪਲ ਇੰਜਨੀਅਰ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਅਤੇ ਸੀਵਰੇਜ਼ ਦਾ ਕੰਮ ਕਰਵਾਇਆ ਗਿਆ ਹੈ ਅਤੇ ਸੜਕਾਂ ਆਦਿ ਬਨਾਉਂਣ ਦਾ ਜੋਂ ਕੰਮ ਰਹਿੰਦਾ ਹੈ ਉਹ ਵੀ 3 ਮਹੀਨੇ ਵਿਚ ਮੁਕੰਮਲ ਕਰਵਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਨੂੰ ਕੋਈ ਮੁਸਕਲ ਨਹੀਂ ਆਉਂਣ ਦਿਤੀ ਜਾਵੇਗੀ।
ਫ਼ੋਟੋ ਕੈਪਸਨ: ਮੰਡੀ ਗੋਬਿੰਦਗੜ੍ਹ ਦੀ ਬਸੰਤ ਵਿਹਾਰ ਕਲੋਨੀ ਦੀਆਂ ਸੜ੍ਹਕਾਂ ਦੀ ਤਰਸਯੋਗ ਹਾਲਤ ਦੀ ਮੂੰਹ ਬੋਲਦੀ ਤਸਵੀਰ।