ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਤੰਦਾ ਬੱਧਾ ਕਲਾਂ ਵਿਖੇ ਜਾਗਰੂਕਤਾ ਰੈਲੀ ਕੀਤੀ
ਅਮਲੋਹ(ਅਜੇ ਕੁਮਾਰ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅਮਲੋਹ ਸਬ ਡਵੀਜ਼ਨ ਦੇ ਪਿੰਡ ਤੰਦਾ ਬੱਧਾ ਕਲਾਂ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਂਗਣਵਾੜੀ ਸਕੂਲ ਦੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਹਿਤ ਰੈਲੀ ਕੱਢੀ ਅਤੇ ਨਸ਼ਿਆਂ ਦੇ ਖਾਤਮੇ ਦਾ ਸੁਨੇਹਾ ਦਿੱਤਾ। ਐੱਸਡੀਐਮ ਚੇਤਨ ਬੰਗੜ ਨੇ ਦੱਸਿਆ ਕਿ ਸੀਡੀਪੀਓ ਅਮਲੋਹ ਹਰਜੀਤ ਕੌਰ ਦੀ ਅਗਵਾਈ ਵਿੱਚ ਕਢੀ ਇਸ ਰੈਲੀ ਦਾ ਮੁੱਖ ਮਕਸਦ ਨਸ਼ਿਆਂ ਦੀ ਸਮੱਸਿਆ ਉਤੇ ਕਾਬੂ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ। ਰੈਲੀ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿਤਾ। ਸ੍ਰੀ ਬੱਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਸਾਰਥਿਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਕੇਵਲ, ਨਸ਼ਾ ਕਰਨ ਵਾਲੇ ਵਿਅਕਤੀ ਦਾ ਹੀ ਨੁਕਸਾਨ ਨਹੀਂ ਕਰਦੇ, ਸਗੋਂ ਉਸ ਵਿਅਕਤੀ ਦੇ ਪਰਿਵਾਰ ਤੇ ਸਮੁੱਚੇ ਸਮਾਜ ਨੂੰ ਢਾਹ ਲਾਉਂਦੇ ਹਨ, ਇਸ ਲਈ ਹਰ ਹਾਲ ਨਸ਼ਿਆਂ ਤੋਂ ਦੂਰ ਰਹਿਣਾ ਲਾਜ਼ਮੀ ਹੈ। ਉਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਤਹਿਤ ਨੁੱਕੜ ਨਾਟਕ ਕਰਵਾਏ ਜਾਣਗੇ, ਘਰ-ਘਰ ਸਾਹਿਤ ਵੰਡਣ ਦੇ ਨਾਲ ਨਾਲ ਮੈਡੀਕਲ ਕੈਂਪ ਵੀ ਲਗਾਏ ਜਾਣਗੇ।
ਫੋਟੋ ਕੈਪਸ਼ਨ: ਨਸ਼ਿਆਂ ਖਿਲਾਫ਼ ਰੈਲੀ ਕੱਢਦੇ ਹੋਏ ਵਿਦਿਆਰਥੀ