
ਪਾਣੀ ਦੇ ਮੁੱਦੇ ਤੇ ਪ੍ਰਾਂਤਾਂ ਅੰਦਰ ਖਿਚਾਉ ਪੈਦਾ ਦੀ ਥਾਂ ਕੁਦਰਤੀ ਸਰੋਤਾਂ ਦੀ ਸੰਜਮੀ ਵਰਤੋਂ ਕੀਤੀ ਜਾਵੇ: ਬਾਬਾ ਬਲਬੀਰ ਸਿੰਘ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮੌਜੂਦਾ ਸਮੇਂ ਦੋਹਾਂ ਦੇਸ਼ਾਂ ਅਤੇ ਦੇਸ ਦੇ ਸੂਬਿਆਂ ਵਿੱਚ ਪਾਣੀ ਦੇ ਚੱਲ ਰਹੇ ਵਿਵਾਦਤ ਬਿਆਨਾਂ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪਾਣੀ ਨੂੰ ਲੈ ਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚਕਾਰ ਲੰਮੇ ਅਰਸੇ ਤੋਂ ਵਿਵਾਦ ਚਲ ਰਿਹਾ ਹੈ ਅਤੇ ਅਕਸਰ ਸਿਆਸੀ ਧਿਰਾਂ ਆਪਣੇ ਸੌੜੇ ਹਿੱਤਾਂ ਲਈ ਇਸ ਮੁੱਦੇ ਨੂੰ ਉਭਾਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਹੁਣ ਹਰਿਆਣਾ ਦੇ ਇੱਕ ਆਗੂ ਨੇ ਧਮਕੀ ਦਿੱਤੀ ਹੈ ਕਿ ਜੇ ਹਰਿਆਣਾ ਨੂੰ ਵਾਧੂ ਪਾਣੀ ਨਾ ਦਿੱਤਾ ਗਿਆ ਤਾਂ ਕੌਮੀ ਰਾਜਮਾਰਗ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਦੋਵਾਂ ਸੂਬਿਆਂ ਵਿਚਕਾਰ ਇਹ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਪਹਿਲਗਾਮ ਹਮਲੇ ਮਗਰੋਂ ਭਾਰਤ ਸਰਕਾਰ ਵੱਲੋਂ ਸਿੰਧ ਜਲ ਸੰਧੀ ਮੁਲਤਵੀ ਕਰ ਕੇ ਪਾਕਿਸਤਾਨ ਨੂੰ ਜਾਂਦਾ ਪਾਣੀ ਬੰਦ ਕਰਨ ਬਾਰੇ ਬਿਆਨਬਾਜ਼ੀ ਕੀਤੀ ਗਈ ਅਤੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵੱਧ ਰਿਹਾ ਹੈ। ਉਨ੍ਹਾਂ ਬੋਰਡ ਦੇ ਡਾਇਰੈਕਟਰ ਅਕਾਸ਼ਦੀਪ ਸਿੰਘ ਨੂੰ ਬਦਲਣ ਦੇ ਫ਼ੈਸਲੇ ਨੂੰ ਵੱਡੀ ਸਾਜਿਸ਼ ਦਸਿਆ। ਉਨ੍ਹਾਂ ਕਿਹਾ ਕਿ ਤਿੰਨਾਂ ਰਾਜਾਂ ਲਈ ਪਾਣੀ ਦੀ ਵੰਡ ਅਤੇ ਨਹਿਰੀ ਸਪਲਾਈ ਦਾ ਕੰਟਰੋਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਹੱਥਾਂ ਵਿੱਚ ਹੈ। ਭਾਖੜਾ ਡੈਮ ਅਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ (24 ਅਪਰੈਲ 2025 ਤੱਕ) ਕ੍ਰਮਵਾਰ 4 ਅਤੇ 10 ਮੀਟਰ ਤੱਕ ਹੇਠਾਂ ਹੈ। ਪੌਂਗ ਡੈਮ ਦਾ ਪੱਧਰ ਤਾਂ ਆਮ ਨਾਲੋਂ 548 ਫ਼ੀਸਦੀ ਹੇਠਾਂ ਹੈ ਤੇ ਇਸ ਦੀ ਚਲੰਤ ਭੰਡਾਰਨ ਸਮੱਰਥਾ ਦਾ ਮਹਿਜ਼ ਕਰੀਬ 13 ਫ਼ੀਸਦੀ ਰਹਿ ਗਈ ਹੈ। ਦੂਜੇ ਪ੍ਰਾਂਤ ਦੀ 8500 ਕਿਊਸਕ ਵਾਧੂ ਪਾਣੀ ਦੀ ਮੰਗ ਕਿਸੇ ਤਰ੍ਹਾਂ ਵੀ ਪੂਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਪੰਜਾਬ ਵਿੱਚ ਵੀ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਦਾ ਸੰਕਟ ਹਰ ਸਾਲ ਵਧ ਰਿਹਾ ਹੈ ਅਤੇ ਜਲਵਾਯੂ ਤਬਦੀਲੀ ਕਰ ਕੇ ਦਰਿਆਵਾਂ ਵਿੱਚ ਪਾਣੀ ਦਾ ਵਹਾਓ ਘਟ ਰਿਹਾ ਹੈ। ਉਨ੍ਹਾਂ ਸਰਕਾਰਾਂ ਤੇ ਸਿਆਸੀ ਆਗੂਆਂ ਨੂੰ ਸੁਚੇਤ ਕਰਦਿਆ ਕਿਹਾ ਸਮਝਦਾਰੀ ਇਸੇ ਗੱਲ ਵਿੱਚ ਹੈ ਕਿ ਇਸ ਮਸਲੇ ਤੇ ਸਿਆਸੀ ਖਿਚਾਓ ਦੀ ਥਾਂ ਪਾਣੀ ਅਤੇ ਹੋਰਨਾਂ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਦੀ ਸੰਜਮੀ ਵਰਤੋਂ ਦਾ ਰਾਹ ਕਢਿਆ ਜਾਵੇ।
ਫੋਟੋ ਕੈਪਸ਼ਨ: ਬਾਬਾ ਬਲਬੀਰ ਸਿੰਘ 96 ਕਰੋੜੀ