ਵਿਦਾਈ ਸਮੇਂ ਚਲਾਈ ਗੋਲੀ ਲਾੜੀ ਦੇ ਸਿਰ ‘ਚ ਲੱਗੀ, CM ਮਾਨ ਨੇ ਘਟਨਾ ‘ਤੇ ਜਤਾਇਆ ਅਫ਼ਸੋਸ

ਫਿਰੋਜ਼ਪੁਰ, 11 ਨਵੰਬਰ(ਦੀਪਾ ਬਰਾੜ)

ਵਿਆਹ ਸਮਾਗਮ ਦੀਆਂ ਖੁਸ਼ੀਆਂ ਕੁਝ ਮਿੰਟਾਂ ਵਿੱਚ ਹੀ ਗਮ ਵਿੱਚ ਬਦਲ ਗਈਆਂ। ਲਾੜੀ ਦੀ ਵਿਦਾਈ ਸਮੇਂ ਚੱਲੀ ਗੋਲੀ ਲਾੜੀ ਦੇ ਸਿਰ ਨੂੰ ਲੱਗੀ। ਇਸ ਕਾਰਨ ਲਾੜੀ ਜ਼ਖਮੀ ਹੋ ਗਈ। ਲਾੜੀ ਨੂੰ ਜਲਦੀ ਹਸਪਤਾਲ ਲਿਜਾਇਆ ਗਿਆ।

ਫਾਜ਼ਿਲਕਾ-ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ (ਹਸਨ ਤੂਤ) ‘ਚ ਐਤਵਾਰ ਸ਼ਾਮ ਨੂੰ ਡੋਲੀ ਦੀ ਵਿਦਾਈ ਸਮੇਂ ਕਿਸੇ ਨੇ ਪਿਸਤੌਲ ‘ਚੋਂ ਗੋਲੀ ਚਲਾ ਦਿੱਤੀ, ਜੋ ਲਾੜੀ ਦੇ ਸਿਰ ‘ਚ ਜਾ ਲੱਗੀ ਅਤੇ ਲਾੜੀ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਈ। ਲਾੜੀ ਨੂੰ ਜ਼ਖ਼ਮੀ ਹਾਲਤ ਵਿੱਚ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਸੂਚਨਾ ਮਿਲਦੇ ਹੀ ਡੀਐਸਪੀ ਸੁਖਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਘਟਨਾ ‘ਤੇ ਦੁੱਖ ਜਤਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫ਼ਿਰੋਜ਼ਪੁਰ ਵਿੱਚ ਇੱਕ ਨਵ-ਵਿਆਹੀ ਲੜਕੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਈ ਹੈ। ਇਹ ਸੁਣ ਕੇ ਬਹੁਤ ਦੁੱਖ ਹੋਇਆ। ਪੰਜਾਬੀਆਂ ਨੇ ਕਿਹੋ ਜਿਹਾ ਰਸਤਾ ਅਪਣਾਇਆ ਲਿਆ ਹੈ।ਖੁਸ਼ੀ ਹੋਰ ਤਰੀਕਿਆਂ ਨਾਲ ਵੀ ਮਨਾਈ ਜਾ ਸਕਦੀ ਹੈ। ਵੈਸੇ ਵੀ ਵਿਆਹਾਂ ਵਿੱਚ ਹਥਿਆਰਾਂ ਦੀ ਵਰਤੋਂ ਦੀ ਮਨਾਹੀ ਹੈ ਪਰ ਇਸ ਦੇ ਬਾਵਜੂਦ ਅਸੀਂ ਪਿਛਲੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣਾ ਹੀ ਖੂਨ ਵਹਾ ਰਹੇ ਹਾਂ। ਹੁਣ ਹਰ ਕੋਈ ਉਸ ਘਰ ਦੇ ਵਿਹੜੇ ਵਿੱਚ ਉਦਾਸ ਹੈ ਜਿੱਥੇ ਸ਼ਗਨ ਦੇ ਗੀਤ ਵੱਜ ਰਹੇ ਸਨ। ਮੈਂ ਦੁਆ ਕਰਦਾ ਹਾਂ ਕਿ ਲੜਕੀ ਦੀ ਜਾਨ ਬਚ ਜਾਵੇ।

Leave a Comment