ਹੰਸਲਾ ਨਦੀ ਕੋਲੋਂ ਕੂੜੇ ਦਾ ਡੰਪ ਹਟਵਾਉਣ ਲਈ ਕੌਂਸਲ ਵੱਲੋਂ 65 ਲੱਖ ਨਾਲ ਤਿਆਰ ਕੀਤਾ ਜਾ ਰਿਹਾ ਐਮਆਰਐਫ ਸੈਂਟਰ

ਸਰਹਿੰਦ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਮੰਤਵ ਨਾਲ ਸ਼ੁਰੂ ਕੀਤਾ ਗਿਆ ਸਫਾਈ ਪੰਦਰਵਾੜਾ

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਨੂੰ ਸਾਫ ਸੁਥਰਾ ਰੱਖਣ ਲਈ ਕਾਰਜਸ਼ੀਲ ਹੈ ਅਤੇ ਸਰਹਿੰਦ ਸ਼ਹਿਰ ਦੀ ਹੰਸਲਾ ਨਦੀ ਕੋਲ ਲੱਗਣ ਵਾਲੇ ਕੂੜੇ ਦੇ ਡੰਪ ਨੂੰ ਖਤਮ ਕਰਨ ਲਈ ਕੌਂਸਲ ਵੱਲੋਂ 65 ਲੱਖ ਦੀ ਲਾਗਤ ਨਾਲ ਵੱਡਾ ਐਮਆਰਐਫ ਸੈਂਟਰ ਬਣਾਇਆ ਜਾ ਰਿਹਾ ਹੈ, ਜਿਸ ਦੇ ਮੁਕੰਮਲ ਹੋਣ ਨਾਲ ਲੋਕਾਂ ਦੀ ਇਹ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਇਹ ਜਾਣਕਾਰੀ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਪਹਿਲਾਂ ਵੀ ਇੱਕ ਐਮਆਰਐਫ ਸੈਂਟਰ ਚਲਾਇਆ ਜਾ ਰਿਹਾ ਹੈ ਅਤੇ ਹੁਣ ਇੱਕ ਹੋਰ ਵੱਡਾ ਐਮਆਰਐਫ ਸੈਂਟਰ ਬਣਨ ਨਾਲ ਸ਼ਹਿਰ ਵਿੱਚੋਂ ਕੂੜੇ ਦੇ ਡੰਪ ਖਤਮ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦਾ ਕੰਮ ਕਰੀਬ 25 ਫੀਸਦੀ ਮੁਕੰਮਲ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਪਹਿਲਾਂ ਚਾਵਲਾ ਚੌਂਕ ਵਿਖੇ ਬਣਾਇਆ ਜਾ ਰਿਹਾ ਸੀ ਪ੍ਰੰਤੂ ਲੋਕਾਂ ਦੇ ਵਿਰੋਧ ਕਾਰਨ ਹੁਣ ਇਸ ਨੂੰ ਦੁਬਾਰਾ ਨਵੀਂ ਥਾਂ ਤੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਫਾਈ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਸਾਫ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਇਸ ਇਤਿਹਾਸਕ ਸ਼ਹਿਰ ਦੀ ਸਫਾਈ ਪੱਖੋਂ ਵਧੀਆ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਲਿਫਾਫਿਆਂ ਵਿੱਚ ਪਾ ਕੇ ਸੜਕਾਂ ਕਿਨਾਰੇ ਸੁੱਟ ਦਿੰਦੇ ਹਨ ਜਿਸ ਕਾਰਨ ਕੂੜੇ ਦੇ ਡੰਪ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਆਪਣੇ ਘਰਾਂ ਦਾ ਕੂੜਾ ਵੱਖ ਵੱਖ ਕਰਕੇ ਰੱਖਣ ਤਾਂ ਡੰਪ ਲੱਗਣ ਦੀ ਸਮੱਸਿਆ ਦਾ 70 ਫੀਸਦੀ ਤੱਕ ਨਿਪਟਾਰਾ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਦੇਣ ਤਾਂ ਜੋ ਕੂੜੇ ਦੇ ਢੇਰ ਲੱਗਣ ਦੀ ਸਮੱਸਿਆ ਦਾ ਨਿਪਟਾਰਾ ਹੋ ਸਕੇ।

ਫੋਟੋ ਕੈਪਸ਼ਨ: ਨਗਰ ਕੌਂਸਲ ਸਰਹਿੰਦ ਵੱਲੋਂ ਕੂੜੇ ਦੇ ਡੰਪ ਖਤਮ ਕਰਨ ਲਈ ਬਣਾਏ ਜਾ ਰਹੇ ਐਮਆਰਐਫ ਸੈਂਟਰ ਦਾ ਦ੍ਰਿਸ਼।

Leave a Comment