ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਪਿੰਡ ਮਾਜਰੀ ਸੋਢੀਆਂ ਵਿਖੇ ਹਰਭਜਨ ਸਿੰਘ ਨਾਮੀ ਵਿਅਕਤੀ ਨੇ ਜਿਉਂਦੇ ਜੀ ਆਪਣੀ 7ਵੀਂ ਬਰਸੀ ਮਨਾ ਕੇ ਦਾਨ ਪੁੰਨ ਦੀਆਂ ਰਸਮਾਂ ਕੀਤੀਆਂ, ਇੱਥੇ ਹੀ ਬੱਸ ਨਹੀਂ ਕੰਨਿਆਂ ਨੂੰ ਵੀ ਭੋਜਨ ਛਕਾਇਆ ਗਿਆ ਅਤੇ ਗ੍ਰੰਥੀ ਸਿੰਘਾ ਨੂੰ ਸਿਰੋਪਾਓ ਭੇਂਟ ਕੀਤੇ। ਇੱਥੇ ਇਹ ਅੰਦਾਜ਼ਾ ਲਗਾਉਣਾ ਵੀ ਗਲਤ ਹੋਵੇਗਾ ਕਿ ਭੋਗ ਪਾਉਣ ਵਾਲਾ ਵਿਅਕਤੀ ਕਾਫੀ ਅਮੀਰ ਹੋਵੇਗਾ, ਹਰਭਜਨ ਸਿੰਘ ਨਾਮੀ ਵਿਅਕਤੀ ਦਰਮਿਆਨੇ ਪ੍ਰੀਵਾਰ ਨਾਲ ਸਬੰਧਤ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਮੰਡੀ ਗੋਬਿੰਦਗੜ੍ਹ ਦੀ ਇਕ ਮਿੱਲ ਵਿਚ ਕੰਮ ਕਰਦਾ ਸੀ। ਮੌਕੇ ‘ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਨੇ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ। ਭੋਗ ਉਪਰੰਤ 11 ਕੰਨਿਆ ਨੂੰ ਭੋਜਨ ਛਕਾਇਆ ਬਾਅਦ ਵਿੱਚ ਸੰਗਤਾਂ ਨੂੰ ਭੋਜਨ ਛਕਾਇਆ ਗਿਆ। ਬਾਬਾ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਨੋਰਥ ਸਮਾਜ ਨੂੰ ਸੁਚੇਤ ਕਰਨ ਦਾ ਹੈ ਕੀ ਇੱਥੇ ਕਲਯੁਗ ਦਾ ਬਹੁਤ ਪ੍ਰਭਾਵ ਹੈ ਇਸ ਲਈ ਜੋ ਕਾਰਜ ਅਸੀਂ ਆਪਣੇ ਹੱਥੀਂ ਕਰ ਲੈਂਦੇ ਹਾਂ ਉਸ ਨਾਲ ਹੀ ਸਾਨੂੰ ਸੰਤੁਸ਼ਟੀ ਮਿਲਦੀ ਹੈ, ਇਸ ਦੇ ਨਾਲ ਜਿੱਥੇ ਅਸੀਂ ਦਾਨ-ਪੁੰਨ ਕਰਨਾ ਚਾਹੁੰਦੇ ਹਾਂ ਉਹ ਵੀ ਆਪਣੇ ਹੱਥੀਂ ਹੋ ਜਾਂਦਾ ਹੈ। ਸਾਨੂੰ ਆਪਣਾ ਜੀਵਨ ਵਿਅਰਥ ਨਹੀਂ ਗਵਾਉਣਾ ਚਾਹੀਦਾ, ਗੁਰਬਾਣੀ ਨਾਲ ਜੁੜ ਕੇ ਆਪਣਾ ਬਾਕੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦਾ ਭੋਗ ਉਨ੍ਹਾਂ ਦੀ ਬਰਸੀ ਦਾ 7ਵਾਂ ਭੋਗ ਹੈ। ਉਨ੍ਹਾਂ ਵੱਲੋਂ ਹਰ ਸਾਲ ਇਹ ਰਸਮਾਂ ਕੀਤੀਆਂ ਜਾਂਦੀਆਂ ਹਨ। ਜਦੋਂ ਤੱਕ ਜਿਉਂਦੇ ਰਹਿਣਗੇ ਇਹ ਰਸਮਾਂ ਕੀਤੀਆਂ ਜਾਣਗੀਆਂ। ਉਸ ਨੇ ਦੱਸਿਆ ਕਿ ਉਸ ਦੇ ਪ੍ਰੀਵਾਰ ਨੇ ਬਹੁਤ ਦੁੱਖ ਝੱਲੇ ਹਨ ਪ੍ਰੰਤੂ ਫੇਰ ਵੀ ਹੌਸਲੇ ਬੁਲੰਦ ਹਨ। ਉਹ ਗੁਰੂ ਗ੍ਰੰਥ ਸਾਹਿਬ ਤੇ ਹਮੇਸ਼ਾ ਭਰੋਸਾ ਰੱਖਦੇ ਹਨ ਅਤੇ ਉਸ ਦੇ ਦਰਸਾਏ ਮਾਰਗ ਤੇ ਚਲਦੇ ਹਨ। ਉਹ ਸਮਾਜ ਨੂੰ ਸਿਰਫ ਇਹੀ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਇਹ ਦੁਨੀਆ ਕਿਰਾਏ ਦਾ ਮਕਾਨ ਹੈ ਅਸੀਂ ਸਿਰਫ ਇੱਥੇ ਆਪਣਾ ਜੀਵਨ ਬਤੀਤ ਕਰਨ ਲਈ ਆਏ ਹਾਂ ਇਸ ਲਈ ਚੰਗੇ ਕਾਰਜ ਕੀਤੇ ਜਾਣ ਤਾਂ ਜੋ ਰਹਿੰਦੀ ਦੁਨੀਆਂ ਤੱਕ ਤੁਹਾਡਾ ਨਾਮ ਯਾਦ ਰੱਖਿਆ ਜਾਵੇ।
*ਫੋਟੋ ਕੈਪਸ਼ਨ: ਪਿੰਡ ਮਾਜਰੀ ਸੋਢੀਆਂ ਵਿਖੇ ਹਰਭਜਨ ਸਿੰਘ ਸੱਤਵੀਂ ਬਰਸੀ ਦੇ ਭੋਗ ਦੌਰਾਨ ਅਰਦਾਸ ਵਿੱਚ ਹਾਜ਼ਰ ਅਤੇ ਹੋਰ ਸੰਗਤਾਂ।*