ਫਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਸ੍ਰ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਾਬਾ ਬਲਬੀਰ ਸਿੰਘ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੀਤੀ ਰਾਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਿਖੇ ਲੰਮੇ ਸਮੇਂ ਤੋਂ ਦਸਮ ਪਾਤਸ਼ਾਹ ਦੇ ਸਿੰਘਾਸ਼ਨ ਦੀਆਂ ਜਥੇਦਾਰ ਵਜੋਂ ਨਿਰੰਤਰ ਸੇਵਾਵਾਂ ਨਿਭਾ ਰਹੇ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਨੂੰ ਬੁੱਢਾ ਦਲ ਦੇ ਚੌਥੇ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਐਵਾਰਡ, ਤਸਕਰੀ, ਖੰਡਾ, ਸੋਨ ਤਗਮਾ ਅਤੇ ਸੁਨਹਿਰੀ ਸ੍ਰੀ ਸਾਹਿਬ ਨਾਲ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ਾਲ ਸਮਾਗਮ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਕੁਲਵੰਤ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਿੱਖ ਪੰਥ ਦੇ ਤਖ਼ਤ ਕੇਵਲ ਇਮਾਰਤਾਂ ਨਹੀਂ ਸਗੋਂ ਖਾਲਸਾ ਪੰਥ ਦਾ ਸੱਚਾ ਸੁੱਚਾ ਸੰਕਲਪ ਹੈ। ਇਨ੍ਹਾਂ ਤਖ਼ਤ ਸਾਹਿਬ ਤੋਂ ਸਿੱਖ ਪੰਥ ਕੇਵਲ ਸੇਧ ਹੀ ਨਹੀਂ ਲੈਂਦਾ ਸਗੋਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤੌਰ ਤੇ ਕੌਮ ਦੇ ਅੱਗੇ ਵਧਣ ਲਈ ਤਖ਼ਤ ਸਾਹਿਬ ਸਮੁੱਚੀ ਕੌਮ ਦੀ ਅਗਵਾਈ ਕਰਦੇ ਹਨ। ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਬਾਬਾ ਕੁਲਵੰਤ ਸਿੰਘ ਜਿੱਥੇ ਗੁਰਮਤਿ ਦੇ ਦ੍ਰਿੜ ਗਿਆਤਾ ਹਨ ਉਥੇ ਹੀ ਪੂਰੀ ਤਰ੍ਹਾਂ ਦ੍ਰਿੜਤਾ ਨਾਲ ਬਾਣੀ-ਬਾਣੇ ਦੇ ਧਾਰਨੀ ਹੋਣ ਲਈ ਲੋਕਾਈ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੁੱਢਾ ਦਲ ਦੇ ਸਥਾਪਨਾ ਦਿਵਸ ਮੌਕੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਨ੍ਹਾਂ ਵੱਲੋਂ ਤਖਤ ਸ਼੍ਰੀ ਹਜੂਰ ਅਬਿਚਲ ਨਗਰ ਸਾਹਿਬ ਵਿਖੇ ਕਲਗੀਧਰ ਪਿਤਾ ਸਰਬੰਸਦਾਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੰਘਾਸਨ ਤਖ਼ਤ ਸਾਹਿਬ ਦੀ ਸੇਵਾ ਦੇ 25ਵਰ੍ਹੇ ਪੂਰੇ ਹੋਣ ‘ਤੇ ਬੁੱਢਾ ਦਲ ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਐਵਾਰਡ ਨਾਲ ਸਨਮਾਨਿਤ ਕਰਨ ਦੀ ਖੁਸ਼ੀ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੇ ਜੀਵਨ ਅਤੇ ਕਾਰਜ ਸ਼ੈਲੀ ਤੋਂ ਸੇਧ ਲੈ ਕੇ ਫੈਸਲੇ ਲੈਣੇ ਚਾਹੀਦੇ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸੰਤ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਵਿਜੈਸਤਿਬੀਰ ਸਿੰਘ, ਗੁ: ਲੰਗਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਨੇ ਵਿਚਾਰ ਪੇਸ ਕੀਤੇ। ਬਾਬਾ ਕੁਲਵੰਤ ਸਿੰਘ ਨੇ ਸਮੁੱਚੇ ਸੰਪਰਦਾਵਾਂ ਨਿਹੰਗ ਸਿੰਘ ਦਲਾਂ, ਸੰਤ ਮਹਾਪੁਰਸ਼ਾਂ ਅਤੇ ਹੋਰ ਧਾਰਮਿਕ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਗੁ: ਤਖ਼ਤ ਸੱਖਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ, ਬਾਬਾ ਬਿੰਧੀ ਚੰਦ ਸੰਪ੍ਰਦਾਇ ਤਰਨਾ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਜੋਗਾ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਬਾਬਾ ਮੇਜਰ ਸਿੰਘ ਸੋਢੀ ਦਸ਼ਮੇਸ਼ ਤਰਨਾ ਦਲ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਜੀਤ ਸਿੰਘ ਜੋਹਲਾਂ, ਸੰਤ ਜਗਜੀਤ ਸਿੰਘ ਹਰਖੋਵਾਲ, ਬਾਬਾ ਰਾਮ ਸਿੰਘ, ਬਾਬਾ ਜੋਤਿੰਦਰ ਸਿੰਘ, ਬਾਬਾ ਘਾਲਾ ਸਿੰਘ, ਸੰਤ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਕਰਮਜੀਤ ਸਿੰਘ ਯਮਨਾਨਗਰ, ਬਾਬਾ ਸੁੱਖਾ ਸਿੰਘ ਭੂਰੀਵਾਲੇ, ਬਾਬਾ ਅਮੀਰ ਸਿੰਘ ਜਵੱਦੀ, ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ, ਬਾਬਾ ਗੁਰਮੇਲ ਸਿੰਘ ਕਨੇਡਾ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਪਰਮਜੀਤ ਸਿੰਘ ਮਹਾਂਕਾਲ ਅਤੇ ਬਾਬਾ ਗੁਰਮੁਖ ਸਿੰਘ ਆਦਿ ਹਾਜ਼ਰ ਸਨ।
*ਫ਼ੋਟੋ ਕੈਪਸਨ: ਬਾਬਾ ਬਲਬੀਰ ਸਿੰਘ 96 ਕਰੋੜੀ ਅਤੇ ਹੋਰ ਬਾਬਾ ਕੁਲਵੰਤ ਸਿੰਘ ਦਾ ਸਨਮਾਨ ਕਰਦੇ ਹੋਏ*