
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਸਰਕਾਰੀ ਮੁੜ ਵਸੇਬਾ ਕੇਂਦਰ ਵਿਖੇ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹਾਲ ਜਾਣਿਆਂ
ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਫੈਸਲਾਕੁੰਨ ਭੂਮਿਕਾ ਹੋਵੇਗੀ ਅਤੇ ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਸਹਿਯੋਗ ਦੇਣਾ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਮੁੜ ਵਸੇਬਾ ਕੇਂਦਰ ਬ੍ਰਾਹਮਣ ਮਾਜਰਾ ਵਿਖੇ ਜ਼ਿਲ੍ਹੇ ਦੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਬਣਾਉਣ ਲਈ ਚਲਾਈ ਮੁਹਿੰਮ ਵਿੱਚ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਇਨ੍ਹਾਂ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਇਹ ਦੱਸਣਾ ਜਰੂਰੀ ਹੋਵੇਗਾ ਕਿ ਉਨ੍ਹਾਂ ਵੱਲੋਂ ਕਿੰਨੇ ਨਸ਼ੇ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਇਆ ਗਿਆ। ਉਨ੍ਹਾਂ ਪ੍ਰਾਈਵੇਟ ਕੇਂਦਰਾਂ ‘ਤੇ ਖੁਦ ਨਜਰ ਰਖਣ ਦੀ ਗੱਲ ਆਖੀ ਅਤੇ ਕਿਹਾ ਕਿ ਜੇਕਰ ਕੇਂਦਰ ਦੇ ਬਾਹਰ ਨਸ਼ੀਲੀਆਂ ਗੋਲੀਆਂ ਵਿਕਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਪ੍ਰਬੰਧਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਵਾਲਿਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਸਵੈ-ਰੁਜਗਾਰ ਸੁਰੂ ਕਰਵਾਏ ਜਾਣਗੇ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮੈਬਰ ਨਸ਼ਾ ਕਰਦਾ ਹੈ ਤਾਂ ਉਸ ਨੂੰ ਸਰਕਾਰੀ ਨਸ਼ਾ ਛਡਾਉ ਕੇਦਰ ਵਿਖੇ ਲਿਆ ਕੇ ਉਸ ਦੀ ਜਿੰਦਗੀ ਬਚਾਉਂਣ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੁਦਾਗਰਾਂ ਨੂੰ ਕਿਸੇ ਵੀ ਸੂਰਤ ਵਿਚ ਮੁਆਫ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐਸਡੀਐਮ ਅਰਵਿੰਦ ਗੁਪਤਾ, ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਰਿਤਾ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਸ਼ਾ ਛਡਾਉ ਕੇਦਰ ‘ਚ ਜਾਣਕਾਰੀ ਹਾਸਲ ਕਰਦੇ ਹੋਏ।
ਫ਼ੋਟੋ ਕੈਪਸਨ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੀਟਿੰਗ ਦੌਰਾਨ ਵਿਚਾਰ ਕਰਦੇ ਹੋਏ।