ਅਮਲੋਹ, (ਅਜੇ ਕੁਮਾਰ): ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਅਮਲੋਹ ਵਿਚ ਪਿਛਲੇ ਸਮੇਂ ਦੌਰਾਨ ਹੋਏ ਕਥਿਤ ਘੱਪਲੇ ਦੇ ਮਾਮਲੇ ਨੂੰ ਲੈ ਕੇ ਅਮਲੋਹ ਦੀ ਨਿੱਜੀ ਫ਼ਰਮ ਦੇਮਾਲਕ ਸਤਵਿੰਦਰ ਨੂੰ ਕਾਬੂ ਕੀਤਾ ਹੈ। ਵਿਜ਼ੀਲੈਂਸ ਨੇ 40 ਲੱਖ 85 ਹਜ਼ਾਰ 175 ਰੁਪਏ ਦੇ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋ ਦੇ ਮਾਮਲੇ ਨੂੰ ਲੈ ਕੇ ਇਹ ਮਾਮਲਾ ਦਰਜ਼ ਕੀਤਾ ਸੀ ਜਿਸ ਵਿਚ ਅਮਲੋਹ ਦੇ ਤਤਕਾਲੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ ਪਹਿਲਾ ਹੀ ਜਮਾਨਤ ਉਪਰ ਹਨ। ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਵਿਭਾਗ ਨੇ 9 ਅਗਸਤ 2024 ਨੂੰ ਪੁਲੀਸ ਥਾਣਾ ਪਟਿਆਲਾ ਰੇਜ਼ ਵਿਖੇ 9 ਅਗਸਤ, 2024 ਨੂੰ ਆਈਪੀਸੀ ਦੀ ਧਾਰਾ 409 ਅਤੇ 120-ਬੀ ਦੇ ਨਾਲ-ਨਾਲ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1) ਦੇ ਨਾਲ-ਨਾਲ ਧਾਰਾ 13(2) ਦੇ ਤਹਿਤ 5 ਵਿਅਕਤੀਆਂ ਖਿਲਾਫ਼ ਮੁਕਦਮਾ ਨੰਬਰ 37 ਦਰਜ ਕੀਤਾ ਸੀ, ਜਿਨ੍ਹਾਂ ਵਿਚੋ ਹੁਣ ਤੱਕ 3 ਵਿਅਕਤੀ ਗ੍ਰਿਫ਼ਤਾਰ ਹੋ ਚੁਕੇ ਹਨ ਅਤੇ ਬਾਕੀ 2 ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸੇ ਦੌਰਾਨ ਸਤਵਿੰਦਰ ਦੇ ਵਾਰਸਾਂ ਨੇ ਕਿਹਾ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਕੇਸ ਵਿਚ ਸਾਮਲ ਕੀਤਾ ਗਿਆ ਹੈ ਜਦੋ ਕਿ ਉਹ ਨਿਰਦੋਸ਼ ਹੈ।
ਫੋਟੋ ਕੈਪਸ਼ਨ: ਗ੍ਰਿਫ਼ਤਾਰ ਕੀਤਾ ਵਿਅਕਤੀ ਪੁਲੀਸ ਪਾਰਟੀ ਨਾਲ