
*ਸਰਕਾਰੀ ਹਾਈ ਸਕੂਲ ਹਰਬੰਸਪੁਰਾ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਮਿਲਿਆ ਬੈਸਟ ਸਕੂਲ ਅਵਾਰਡ*
*ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)*
ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਸਰਕਾਰੀ ਹਾਈ ਸਕੂਲ ਹਰਬੰਸਪੁਰਾ ਨੂੰ ਸੈਸ਼ਨ 2023-24 ਦਾ ਹਾਈ ਸਕੂਲਾਂ ਦੀ ਕੈਟਾਗਰੀ ਵਿੱਚ ਬੈਸਟ ਸਕੂਲ ਚੁਣਿਆ ਗਿਆ ਜਿਸ ਤਹਿਤ ਸਕੂਲ ਦੇ ਮੁੱਖ ਅਧਿਆਪਕ ਸੰਦੀਪ ਜੈਨ ਨੂੰ ਸਿੱਖਿਆ ਮੰਤਰੀ ਵਲੋਂ ਪੰਜਾਬ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਸ. ਪਰਮਜੀਤ ਸਿੰਘ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਅਤੇ ਅਨਿੱਦਿਤਾ ਮਿਤਰਾ ਸਕੱਤਰ ਸਕੂਲ ਸਿੱਖਿਆ ਵਿਭਾਗ ਵਲੋਂ ਉਲੀਕਿਆ ਗਿਆ। ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਕੂਲ ਮੁੱਖੀ ਸੰਦੀਪ ਜੈਨ ਨੇ ਦੱਸਿਆ ਕਿ ਇਹ ਚੋਣ ਵਿਭਾਗ ਦੁਆਰਾ ਤੈਅ ਕੀਤੇ ਵੱਖ -ਵੱਖ ਮਾਪਦੰਡਾਂ ਜਿਵੇਂ ਕਿ ਅਕਾਦਮਿਕ ਅਤੇ ਸਹਿ – ਅਕਾਦਮਿਕ ਪ੍ਰਾਪਤੀਆਂ, ਵਿਦਿਆਰਥੀਆਂ ਦੀ ਗਿਣਤੀ, ਸਕੂਲ ਦਾ ਬੁਨਿਆਦੀ ਢਾਂਚਾ ਅਤੇ ਪਿੰਡ-ਸਮਾਜ ਦੀ ਭਾਗੀਦਾਰੀ ਦੇ ਆਧਾਰ ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਸਕੂਲ ਵੱਲੋਂ ਇਹ ਪ੍ਰਾਪਤੀ ਹਾਸਿਲ ਕਰਨ ਤੇ ਸਕੂਲ ਨੂੰ 7 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ, ਜਿਸ ਦੀ ਵਰਤੋਂ ਸਕੂਲ ਦੇ ਸੁੰਦਰੀਕਰਨ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੀ ਜਾਵੇਗੀ। ਸਕੂਲ ਪਹੁੰਚਣ ‘ਤੇ ਪਿੰਡ ਦੀ ਪੰਚਾਇਤ ਸਕੂਲ ਮੈਨੇਜਮੈਂਟ ਕਮੇਟੀ ਸਮੂਹ ਅਧਿਆਪਕ ਅਤੇ ਸਹਿਯੋਗੀ ਕਰਮਚਾਰੀਆਂ ਵੱਲੋਂ ਸਕੂਲ ਮੁਖੀ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਦਿਆਰਥੀਆਂ ਵਲੋਂ ਢੋਲ ਅਤੇ ਬੈਡ ਵਾਜਿਆਂ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸ੍ਰੀ ਜੈਨ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਇਹ ਅਵਾਰਡ ਕੇਵਲ ਇੱਕ ਇਨਾਮ ਨਹੀਂ ਸਗੋਂ ਸਟਾਫ਼ ਦੀ ਅਣਥੱਕ ਮਿਹਨਤ, ਵਿਦਿਆਰਥੀਆਂ ਦੀ ਲਗਨ , ਐਸਐਮਸੀ ਦਾ ਅਥਾਹ ਸਹਿਯੋਗ, ਪਿੰਡ ਵਾਸੀਆਂ ਅਤੇ ਪੰਚਾਇਤ ਦੀ ਭਾਗੇਦਾਰੀ ਅਤੇ ਉੱਚ ਅਧਿਕਾਰੀਆਂ ਦੀ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਸੁਸ਼ੀਲ ਨਾਥ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ ਅਤੇ ਸਮਾਰਟ ਸਕੂਲ ਮੈਂਟਰ ਰਾਮ ਭੂਸ਼ਣ ਦਾ ਧੰਨਵਾਦ ਵੀ ਕੀਤਾ। ਇਸ ਮੌਕੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੰਤ ਰੈਣ, ਪੰਚ ਪ੍ਰੇਮ ਸਿੰਘ, ਨਿਰਭੈ ਸਿੰਘ, ਹਰਜੀਤ ਕੌਰ, ਸਮਾਜ ਸੇਵਕ ਸਤਵਿੰਦਰ ਭੋਲੀ, ਬਲਜੀਤ ਸਿੰਘ, ਬਲਵੀਰ ਕੌਰ, ਸੁਖਚਰਨ ਸਿੰਘ, ਸੋਨੂੰ, ਚੰਚਲ ਗੌਤਮ, ਤਰਨਦੀਪ ਕੌਰ, ਸਿਮਰਨਜੀਤ ਕੌਰ, ਸੋਹਨ ਸਿੰਘ, ਬਿਕਰਮਜੀਤ ਸਿੰਘ, ਰਾਜੀਵ ਕੁਮਾਰ, ਅਤੁਲ ਸ਼ਰਮਾ, ਲਖਵਿੰਦਰ ਸਿੰਘ, ਦਲਬੀਰ ਕੌਰ, ਜਸਵਿੰਦਰ ਕੌਰ, ਹਰਜਿੰਦਰ ਕੌਰ, ਕਿਰਪਾਲ ਕੌਰ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸਿਖਿਆ ਮੰਤਰੀ ਤੋਂ ਸਨਮਾਨ ਹਾਸਲ ਕਰਦੇ ਹੋਏ ਸਕੂਲ ਮੁਖੀ ਸੰਦੀਪ ਜੈਨ।*
*ਫੋਟੋ ਕੈਪਸ਼ਨ: ਸਕੂਲ ਮੁਖੀ ਸੰਦੀਪ ਜੈਨ ਸਕੂਲ ਪਹੁੰਚਣ ‘ਤੇ ਸਨਮਾਨ ਹਾਸਲ ਕਰਦੇ ਹੋਏ।*